25ਵਾਂ ਮਹਾਂ ਸੰਮੇਲਨ ਅਜੋਕੀ ਖ਼ਤਰਨਾਕ ਸਥਿਤੀ ’ਚ ਦੇਸ਼ ਦਾ ਭਵਿੱਖ ਨਿਖਾਰਨ ਵਾਲਾ ਰਾਹ ਉਲੀਕੇਗਾ : ਸੀਪੀਆਈ
ਫਾਸ਼ੀਵਾਦ ਰੋਕਣ, ਸੰਵਿਧਾਨ ਦੀ ਰਾਖੀ ਕਰਨ ਤੇ ਸਮਾਜਿਕ ਨਿਆਂ ਵਾਲੇ ਧਰਮ ਨਿਰਪੱਖ ਜਮਹੂਰੀ ਸਮਾਜਵਾਦੀ ਭਾਰਤ ਵੱਲ ਵੱਧਣ ਦਾ ਦਿੱਤਾ ਸੱਦਾ
ਚੰਡੀਗੜ੍ਹ 21 ਸਤੰਬਰ ( ਰਣਜੀਤ ਧਾਲੀਵਾਲ ) : ਅੱਜ ਜਦੋਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਆਪਣੀ 25ਵੀਂ ਪਾਰਟੀ ਕਾਂਗਰਸ ਦੇ ਪਹਿਲੇ ਦਿਨ ਰੈਲੀ ਕੱਢੀ ਤਾਂ ਮੋਹਾਲੀ ਦੇ ਫੇਜ਼ 11, ਸੈਕਟਰ 65 ਏ, ਦੀ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਦਾ ਵਿਸ਼ਾਲ ਖੇਤਰ ਅਤੇ ਆਲੇ ਦੁਆਲੇ ’ਚ ਜਿਵੇਂ ਲਹਿਰਾਉਂਦੇ ਲਾਲ ਝੰਡਿਆਂ ਦਾ ਹੜ੍ਹ ਆ ਗਿਆ ਅਤੇ ਸਮੁੱਚਾ ਮਾਹੌਲ ਇਨਕਲਾਬੀ ਰੰਗ ਵਿੱਚ ਰੰਗਿਆ ਗਿਆ। ਰੈਲੀ ’ਚ 10 ਹਜ਼ਾਰ ਤੋਂ ਵੱਧ ਗਿਣਤੀ ’ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਹਾਜ਼ਰੀ ਨੇ ਸਾਬਤ ਕੀਤਾ ਕਿ ਇਨਕਲਾਬੀ ਜਜ਼ਬਾ ਜੋਸ਼ ਅਤੇ ਹੋਸ਼ ਨਾਲ ਕਾਇਮ ਹੈ। ਰੈਲੀ ਦੀ ਸ਼ੁਰੂਆਤ ਇਨਕਲਾਬੀ ਗੀਤਾਂ ਨਾਲ ਹੋਈ। ਇਹ ਵਿਸ਼ਾਲ ਜਨਤਕ ਰੈਲੀ, ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋ ਰਹੇ ਸੀਪੀਆਈ ਦੇ 25ਵੇਂ ਮਹਾਂ ਸੰਮੇਲਨ ਦੇ ਪਹਿਲੇ ਦਿਨ ਉਸਦੀ ਆਵਾਜ਼ ਅਤੇ ਸੁਨੇਹਾ ਆਮ ਲੋਕਾਂ ਅਤੇ ਖਾਸ ਕਰਕੇ ਪੰਜਾਬ ਦੇ ਮਿਹਨਤਕਸ਼ਾਂ ਤਕ ਪਹੁੰਚਾਉਣ ਲਈ ਅਤੇ ਦੇਸ਼ ਭਰ ਵਿਚੋਂ ਆਏ ਲਗਭਗ 900 ਡੈਲੀਗੇਟਾਂ ਨੂੰ ਆਪਣਾ ਸਮਰਥਨ ਤੇ ਸਤਿਕਾਰ ਦੇਣ ਲਈ ਜਥੇਬੰਦ ਕੀਤੀ ਗਈ ਸੀ। ਰੈਲੀ ਨੂੰ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ, ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ, ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ 25ਵਾਂ ਮਹਾਂ ਸੰਮੇਲਨ ਅਜੋਕੀ ਖਤਰਨਾਕ ਸਥਿਤੀ ਵਿੱਚ ਦੇਸ਼ ਦਾ ਭਵਿੱਖ ਨਿਖਾਰਨ ਲਈ ਰਾਹ ਉਲੀਕੇਗਾ। ਡੀ.ਰਾਜਾ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਵਾਪਰੀ ਤਬਾਹੀ ਉਤੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਇਆ ਅਤੇ ਸਾਥੀਆਂ ਨੂੰ ਸ਼ਾਬਾਸ਼ ਦਿੱਤੀ ਕਿ ਉਹ ਹੜ੍ਹਾਂ ਦੀ ਤਬਾਹੀ ਦਾ ਟਾਕਰਾ ਕਰਦੇ ਹੋਏ ਏਨੀ ਵੱਡੀ ਗਿਣਤੀ ਵਿੱਚ ਇਥੇ ਰੈਲੀ ਵਿੱਚ ਪਹੁੰਚੇ ਹਨ, ਤੇ ਉਹ ਵੀ ਉਤਸ਼ਾਹ ਅਤੇ ਜੋਸ਼ ਨਾਲ ਭਰੇ ਹੋਏ। ਉਨ੍ਹਾਂ ਆਖਿਆ ਕਿ ਦੇਸ਼ ਦੀ ਭਾਜਪਾ ਸਰਕਾਰ ਜਮਹੂਰੀਅਤ ਮਾਰੂ, ਲੋਕਾਂ ਨੂੰ ਵੰਡਣ, ਅਤੇ ਫਾਸ਼ੀਵਾਦੀ ਰਸਤੇ ’ਤੇ ਪੈ ਗਈ ਹੈ, ਪਰ ਪੰਜਾਬ ਦੇ ਲੋਕ ਆਰਐਸਐਸ-ਭਾਜਪਾ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੇ। ਅਮਰਜੀਤ ਕੌਰ (ਜਨਰਲ ਸਕੱਤਰ ਏਟਕ ) ਨੇ ਕਿਹਾ ਕਿ ਭਾਜਪਾ ਸਰਕਾਰ ਮਜ਼ਦੂਰਾਂ ਦੇ ਹੱਕ ਖੋਹਣ ਅਤੇ ਸਾਰਾ ਕੁਝ ਕਾਰਪੋਰੇਟਾਂ ਦੇ ਹਵਾਲੇ ਕਰਨ ਉਤੇ ਲਗੀ ਹੋਈ ਹੈ। ਪਰ ਮਜ਼ਦੂਰ ਜਮਾਤ ਆਪਣੇ ਇਤਹਾਦੀਆਂ ਨਾਲ ਮਿਲਕੇ ਉਨ੍ਹਾਂ ਨੂੰ ਭਾਂਜ ਦੇਵੇਗੀ। ਪੰਜਾਬ ਸੀਪੀਆਈ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪੰਜਾਬ ਅਤੇ ਪੰਜਾਬੀ-ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਫੈਡਰਲ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਉਤੇ ਛਾਪਾ ਮਾਰ ਰਹੀ ਹੈ। ਉਨ੍ਹਾਂ ਬੇਰੁਜ਼ਗਾਰੀ ਦੇ ਮਸਲੇ ਨੂੰ ਚੁੱਕਦਿਆਂ, ਸ਼ਹੀਦ ਭਗਤ ਸਿੰਘ ਦੇ ਨਾਂਅ ਉਤੇ ਰੁਜ਼ਗਾਰ ਗਰੰਟੀ ਅਤੇ ਕੰਮ ਦੇ ਅਧਿਕਾਰ ਲਈ ‘ਬਨੇਗਾ’ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਇਸਤਰੀਆਂ ਦੀਆਂ ਮੰਗਾਂ ਵੀ ਉਠਾਇਆ। ਹੜ੍ਹ-ਪੀੜਤਾਂ ਨੂੰ ਵਧੇਰੇ ਮੁਆਵਜ਼ਾ ਦੇਣ ਅਤੇ ਮੋਹਾਲੀ ਤੇ ਹੋਰ ਸ਼ਹਿਰਾਂ ਦੀਆਂ ਬੇਸਮੈਂਟਾਂ ਵਿਚ ਹੜ੍ਹਾਂ ਦੇ ਪਾਣੀ ਨਾਲ ਹੋਏ ਦੁਕਾਨਦਾਰਾਂ ਦੇ ਨੁਕਸਾਨ ਲਈ ਮੁਆਵਜ਼ਾ ਮੰਗਿਆ। ਇਸ ਮੌਕੇ ਡਾਕਟਰ ਸਵਰਾਜਬੀਰ ਸਿੰਘ, ਕਾਮਰੇਡ ਭੁਪਿੰਦਰ ਸਾਂਭਰ, ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ’ਚ ਹੋਰ ਕਮਿਊਨਿਸਟ ਆਗੂ ਵੀ ਹਾਜ਼ਰ ਰਹੇ। ਲਾਲ ਝੰਡਿਆਂ, ਮੰਗਾਂ ਦੇ ਮਾਟੋਆਂ ਅਤੇ 25ਵੇਂ ਮਹਾਂ ਸੰਮੇਲਨ ਦੇ ਬੈਨਰਾਂ ਨਾਲ ਭਰੇ ਹੋਏ ਹਾਲ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨੇ ਆਸਾ ਪਾਸਾ ਇਨਕਲਾਬੀ ਬਣਾ ਦਿਤਾ । ਸਭ ਕੌਮੀ ਤੇ ਸੁਬਾਈ ਬੁਲਾਰਿਆਂ ਨੇ ਸੀਪੀਆਈ ਦੀ ਜਨਮ ਸ਼ਤਾਬਦੀ ਉਤੇ ਇਤਿਹਾਸ ਵਿੱਚ ਕੀਤੇ ਸੰਘਰਸ਼ਾਂ ਅਤੇ ਦਿੱਤੇ ਬਲੀਦਾਨਾਂ ਉਤੇ ਗੌਰਵ ਮਹਿਸੂਸ ਕੀਤਾ। ਮੋਹਾਲੀ-ਚੰਡੀਗੜ੍ਹ ਰੈਲੀ ਨੇ ਹੜ੍ਹਾਂ ਅਤੇ ਤਬਾਹੀਆਂ ਦਰਮਿਆਨ ਸੱਦਾ ਦਿੱਤਾ ਕਿ ਫਾਸ਼ੀਵਾਦ ਨੂੰ ਰੋਕੋ, ਸੰਵਿਧਾਨ ਦੀ ਰਾਖੀ ਕਰੋ ਅਤੇ ਬਰਾਬਰੀ, ਸਮਾਜਿਕ ਨਿਆਂ, ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸਮਾਜਵਾਦ ਵਾਲੇ ਭਾਰਤ ਵੱਲ ਵੱਧੋ।
Comments
Post a Comment