ਪੰਥ ਤੇ ਪੰਜਾਬ ਦੀਆਂ ਰਾਜਸੀ ਅਤੇ ਧਾਰਮਿਕ ਧਿਰਾਂ ਨੂੰ ਪੰਥਕ ਏਕਤਾ ਦੀ ਅਪੀਲ : ਬੀਬੀ ਸਤਵੰਤ ਕੌਰ
ਜਲਦ ਕੀਤਾ ਜਾਵੇਗਾ ਪੰਥਕ ਕੌਂਸਲ ਦਾ ਵਿਸਥਾਰ
ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਪੰਥਕ ਭਾਵਨਾਵਾਂ ਅਨੁਸਾਰ ਪਿਛਲੇ ਦਿਨੀਂ ਸਥਾਪਤ ਹੋਈ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥਕ ਕੌਂਸਲ ਦਾ ਪ੍ਰਮੁੱਖ ਮਕਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤਾਬਿਆ ਵਿੱਚ ਪੰਥ ਪ੍ਰਤੀ ਸੁਹਿਰਦ ਰਾਜਸੀ, ਸਮਾਜਿਕ ਅਤੇ ਧਾਰਮਿਕ ਧਿਰਾਂ ਨੂੰ ਮਿਲ ਬੈਠ ਕੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਂਝਾ ਉਪਰਾਲਾ ਕਰਨ ਦੀ ਜੋਦੜੀ ਕਰਨਾ ਹੈ, ਜਿਸ ਦਾ ਪੰਥਕ ਭਾਵਨਾਵਾਂ ਅਨੁਸਾਰ ਜਲਦੀ ਹੀ ਵਿਸਥਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਥਕ ਕੌਂਸਲ ਦੀ ਸਥਾਪਨਾ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਰਾਖੀ ਅਤੇ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਕੀਤੀ ਗਈ ਸੀ। ਇਸ ਲਈ ਮੈਂ ਵੱਖ ਵੱਖ ਧਿਰਾਂ ਦੇ ਰੂਪ ਵਿੱਚ ਕੰਮ ਕਰ ਰਹੀਆਂ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦੀ ਹਾਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਪੰਥ ਅਤੇ ਪੰਜਾਬ ਦੀ ਰਾਜਸੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਨਿੱਜੀ ਹਿੱਤਾਂ ਅਤੇ ਲਾਲਸਾਵਾਂ ਨੂੰ ਤਿਆਗ ਕੇ ਸਾਰੀਆਂ ਧਿਰਾਂ ਇੱਕ ਝੰਡੇ ਹੇਠ ਇਕੱਠੀਆਂ ਹੋਣ ਤਾਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਸੁਣਾਏ ਗਏ ਹੁਕਮਨਾਮਾ ਸਾਹਿਬ ਦੀ ਭਾਵਨਾ ਅਨੁਸਾਰ ਪੰਥਕ ਏਕਤਾ ਕਰ ਕੇ ਇੱਕ ਮਜ਼ਬੂਤ ਪੰਥ ਅਤੇ ਪੰਜਾਬ ਪ੍ਰਸਤ ਪੰਥਕ ਪਲੇਟਫਾਰਮ ਸਿਰਜਿਆ ਜਾ ਸਕੇ। ਬੀਬੀ ਜੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਅਤੇ ਖਾਸ ਤੌਰ ਤੇ ਸਿੱਖ ਰਾਜਨੀਤੀ ਜੋ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਸਿੱਖ ਸ਼ਕਤੀ ਅਨੇਕਾਂ ਧਿਰਾਂ ਵਿੱਚ ਵੰਡੀ ਜਾ ਚੁੱਕੀ ਹੈ, ਇੰਨ੍ਹਾਂ ਹਾਲਾਤਾਂ ਵਿੱਚ ਕਿਸੇ ਵੀ ਧਿਰ ਵੱਲੋਂ ਰਾਜਸੀ ਤੌਰ ਤੇ ਪੰਥ ਅਤੇ ਪੰਜਾਬ ਦੀ ਪੰਥ ਪ੍ਰਵਾਨਿਤ ਰਹਿਨੁਮਾਈ ਕਰ ਕੇ ਇੱਕ ਰਾਜਸੀ ਪੰਥ ਪ੍ਰਵਾਨਿਤ ਸ਼ਕਤੀ ਦੇਣ ਦਾ ਮਨੋਰਥ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਸਮੁੱਚੀਆਂ ਪੰਥਕ ਰਾਜਸੀ ਧਿਰਾਂ, ਧਾਰਮਿਕ ਸੰਸਥਾਵਾਂ, ਅਤੇ ਹੋਰ ਪੰਥਕ ਸਫਾਂ ਵਿੱਚ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਸੇਵਾਵਾਂ ਕਰ ਰਹੇ ਬੁੱਧੀਜੀਵੀ, ਧਾਰਮਿਕ ਸਖਸ਼ੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਕੱਠੇ ਹੋਕੇ ਇਸ ਦਾ ਹੱਲ ਕਰਨ। ਦਰਅਸਲ ਕੁਝ ਰਾਜਸੀ ਧਿਰਾਂ ਪੰਜਾਬ ਨੂੰ ਘਸਿਆਰਾ ਬਣਾਉਣ ਅਤੇ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਇਕਜੁੱਟਤਾ ਦਾ ਸਬੂਤ ਦੇਣਾ ਕਿਸੇ ਇੱਕ ਨਹੀਂ ਬਲਕਿ ਪੰਜਾਬ ਦੀਆਂ ਸਮੂਹ ਪੰਥਕ ਧਿਰਾਂ ਦੀ ਇਖਲਾਕੀ ਜਿੰਮੇਵਾਰੀ ਹੈ ਅਤੇ ਇਸ ਇੱਕਜੁਟਤਾ ਦਾ ਸੂਤਰਧਾਰ ਬਣਨ ਲਈ ਪੰਥਕ ਕੌਂਸਲ ਦ੍ਰਿੜ ਅਤੇ ਵਚਨਬੱਧ ਹੈ ਅਤੇ ਇਸ ਲਈ ਸਮੇਂ ਸਮੇਂ ਤੇ ਪੰਥਕ ਕੌਂਸਲ ਵਲੋਂ ਸੁਹਿਰਦ ਯਤਨ ਜਾਰੀ ਰਹਿਣਗੇ। ਪੰਥ ਦੀ ਨਿਆਰੀ ਅਤੇ ਵਿਲੱਖਣ ਹੋਂਦ ਉਪਰ ਜਿਸ ਤਰ੍ਹਾਂ ਦੇ ਬੌਧਿਕ ਹਮਲੇ ਹੋ ਰਹੇ ਹਨ ਅਤੇ ਜਿਸ ਤਰ੍ਹਾਂ ਨਾਲ ਮੌਜੂਦਾ ਹਕੂਮਤ ਅਤੇ ਉਸ ਦੇ ਪੁਲਿਸ ਪ੍ਰਸ਼ਾਸਨ ਤੰਤਰ ਵਲੋਂ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਸ ਦੇ ਮੱਦੇ ਨਜ਼ਰ ਪੰਥ ਅਤੇ ਪੰਜਾਬ ਪ੍ਰਤੀ ਸੁਹਿਰਦ ਧਿਰਾਂ ਦਾ ਇੱਕ ਮੁੱਠ ਹੋਣਾ ਅਤਿ ਜ਼ਰੂਰੀ ਹੈ। ਸਮੁੱਚੇ ਸਿੱਖ ਜਗਤ ਅਤੇ ਪੰਜਾਬੀਆਂ ਦੇ ਲੱਖਾਂ ਮੈਂਬਰਾਂ ਦੀ ਤਰਜਮਾਨੀ ਕਰਦੇ ਹੋਏ ਡੈਲੀਗੇਟ ਇਜਲਾਸ ਵਿੱਚ ਸਥਾਪਿਤ ਹੋਈ ਪੰਥ ਪ੍ਰਵਾਨਿਤ ਪੰਥਕ ਕੌਂਸਲ ਦੀ ਪ੍ਰਮੁੱਖ ਸੇਵਾਦਾਰ ਅਤੇ ਪੰਥ ਦੀ ਨਿਮਾਣੀ ਧੀ ਵਜੋਂ ਮੈਂ ਇਸ ਵਿਸ਼ੇ ਤੇ ਸਾਰੀਆਂ ਪੰਥਕ ਧਿਰਾਂ ਪਾਸੋਂ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਾਂ ਪੱਖੀ ਹੁੰਗਾਰਾ ਭਰਨ ਦੀ ਆਸ ਰੱਖਦੀ ਹਾਂ। ਇਸ ਕਾਰਜ ਲਈ ਪੰਥ ਅਤੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਚਿੰਤਨ ਕਰਨ ਵਾਲੀਆਂ ਸਮੂਹ ਪੰਥਕ ਸੁਹਿਰਦ ਧਿਰਾਂ ਪੰਥਕ ਕੌਂਸਲ ਦੀ ਈਮੇਲ ਉਪਰ ਆਪਣੇ ਕੀਮਤੀ ਸੁਝਾਅ ਭੇਜਣ ਦੀ ਕ੍ਰਿਪਾਲਤਾ ਕਰਨ ਜੀ।

Comments
Post a Comment