ਪੰਜਾਬ ਦੇ ਸਿੱਖਿਆ ਮੰਤਰੀ ਨੇ ਮੋਹਾਲੀ ਦੇ ਨਿੱਜੀ ਹਸਪਤਾਲ ਮੈਕਸ ਦੀ ਖੋਲ੍ਹੀ ਪੋਲ
ਕਿਹਾ, ਪੈਸਾ ਕਮਾਉਣ ਦੇ ਲਾਲਚ ’ਚ ਐਮਰਜੈਂਸੀ ਵਿਚ ਵੀ ਦਾਖਲ ਨਹੀਂ ਕੀਤੇ ਜਾ ਰਹੇ ਮਰੀਜ਼
ਐਸ.ਏ.ਐਸ.ਨਗਰ 28 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਦੇ ਇਕ ਨਿੱਜੀ ਹਸਪਤਾਲ ਦੀ ਪੋਲ ਖੋਲ੍ਹ ਦਿੱਤੀ ਗਈ ਹੈ। ਹਸਪਤਾਲ ਵੱਲੋਂ ਪੈਸਾ ਕਮਾਉਣ ਦੇ ਲਾਲਚ ਵਿੱਚ ਮਰੀਜ਼ਾਂ ਨੂੰ ਵੀ ਐਂਮਰਜੈਂਸੀ ਦਾਖਲ ਨਹੀਂ ਕੀਤਾ ਜਾ ਰਿਹਾ। ਕੈਬਨਿਟ ਮੰਤਰੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਦਾ ਪਰਦਾਫਾਸ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਖਿਆ, ‘ਅੱਜ ਮੈਕਸ ਹਸਪਤਾਲ ਮੋਹਾਲੀ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜਿਉਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ “ਫਾਈਲ ਬਣਾਉਣ” ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ,ਜਦਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ। ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਆਖ਼ਿਰਕਾਰ, ਮੈਨੂੰ ਮਜ਼ਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ, ਜੋ ਬਾਹਰ ਇਲਾਜ ਲਈ ਭਟਕ ਰਹੇ ਸਨ। ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ। ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ ‘ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਤੇ ਤੰਗ ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜਿਨਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ “ਡਾਕਟਰ ਸਾਹਿਬਾਨ ” ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ,ਪ੍ਰੰਤੂ ਕੁੱਝ ਕੁ ਅਜਿਹੇ ਹਸਪਤਾਲ ਅਤੇ ਉਨਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁੱਝ ਕਰਦੇ ਹਨ ਉਸ ਨੂੰ ਦੇਖ ਕੇ ਮਨ ਬੇਹੱਦ ਦੁਖੀ ਹੁੰਦਾ ਹੈ।
Comments
Post a Comment