ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਵੇਵ ਅਸਟੇਟ ਵਸਨੀਕਾਂ ਨੇ ਕੀਤਾ ਰੋਸ ਮੁਜ਼ਾਹਰਾ
ਕਲੱਬ ਹਾਊਸ ਦੇ ਨਾਂ 'ਤੇ ਪਲਾਟ ਖਰੀਦਦਾਰਾਂ ਤੋਂ ਕੀਤੀ ਲੁੱਟ ਦੀ ਉੱਚ ਪੱਧਰੀ ਜਾਂਚ ਦੀ ਮੰਗ
ਐਸ.ਏ.ਐਸ.ਨਗਰ 4 ਸਤੰਬਰ ( ਰਣਜੀਤ ਧਾਲੀਵਾਲ ) : ਵੇਵ ਅਸਟੇਟ ਸੈਕਟਰ 85 ਦੇ ਵਸਨੀਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦਾ ਨਿਕਾਸ ਪ੍ਰਬੰਧ ਨਾ ਹੋਣ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਮਿਲਣ ਤੋਂ ਪਰੇਸ਼ਾਨ ਲੋਕਾਂ ਨੇ ਇਕੱਠੇ ਹੋ ਕੇ ਵੇਵ ਅਸਟੇਟ ਮੈਨੇਜਮੈਂਟ ਦਿਲਬਰਡ ਬਿਲਡਰਜ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਵਸਨੀਕਾਂ ਨੇ ਕਲੱਬ ਹਾਊਸ ਇਕੱਠੇ ਹੋ ਕੇ ਦਿਲਬਰਡ ਬਿਲਡਰਜ ਦਫਤਰ ਤੱਕ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਮੈਨੇਜਮੈਂਟ ਦੇ ਬਰਖਿਲਾਫ ਨਾਅਰੇਬਾਜ਼ੀ ਕੀਤੀ। ਅੱਜ ਦੇ ਇਸ ਪ੍ਰਦਰਸ਼ਨ ਦੀ ਲਾਮਬੰਦੀ ਵੇਵ ਅਸਟੇਟ ਦੇ ਮੁਢਲੇ ਵਸਨੀਕ ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਸਕੱਤਰ, ਸਾਬਕਾ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਕੀਤੀ। ਮਹਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਰਦੇ ਹੋਏ ਕਿਹਾ ਕਿ ਵੇਵ ਅਸਟੇਟ ਦੇ ਖਾਸ ਕਰਕੇ ਬਲਾਕ ਏ ਦੇ ਵਸਨੀਕ ਪੰਜ-ਛੇ ਸਾਲਾਂ ਤੋਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮੈਨੇਜਮੈਂਟ ਕੋਲ ਗੁਹਾਰ ਲਗਾ ਰਹੇ ਸਨ। ਪਰ ਮੈਨੇਜਮੈਂਟ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ ਕਿਹਾ ਕਿ ਬਲਾਕ ਏ ਦੀਆਂ ਕਈ ਗਲੀਆਂ ਵਿੱਚ ਬਰਸਾਤ ਸਮੇਂ ਕਈ ਕਈ ਫੁੱਟ ਪਾਣੀ ਭਰ ਜਾਂਦਾ ਹੈ। ਜਿਸ ਨਾਲ ਉਹਨਾਂ ਦੀਆਂ ਕਾਰਾਂ ਤੇ ਹੋਰ ਵਹੀਕਲਾਂ ਵਿੱਚ ਪਾਣੀ ਭਰਨ ਕਰਕੇ ਖਰਾਬ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਸੀਵਰੇਜ ਦੇ ਗਟਰਾਂ ਦੀ ਕੋਈ ਸਫਾਈ ਨਹੀਂ ਕੀਤੀ ਜਾਂਦੀ, ਗਲੀਆਂ ਦੇ ਵਿੱਚ ਭਾਰੀ ਮਾਤਰਾ ਵਿੱਚ ਇਕੱਠੇ ਹੋਏ ਕੂੜੇ ਕਵਾੜ ਦੀ ਵੀ ਕਈ ਕਈ ਦਿਨ ਸਫਾਈ ਨਹੀਂ ਕੀਤੀ ਜਾਂਦੀ। ਜਿਸ ਨਾਲ ਗੰਦਗੀ ਦੀ ਬਦਬੋ ਆਉਂਦੀ ਰਹਿੰਦੀ ਹੈ। ਜਿਸ ਕਰਕੇ ਸਬੰਧਤ ਏਰੀਏ ਵਿੱਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉਹਨਾਂ ਨੇ ਦਿਲਬਰਡ ਮੈਨੇਜਮੈਂਟ ਦੇ ਕੁਝ ਅਧਿਕਾਰੀਆਂ ਵੱਲੋਂ ਨਾਗਰਿਕਾਂ ਨਾਲ ਦੁਰਵਿਵਹਾਰ ਕਰਨ ਦੇ ਵੀ ਦੋਸ਼ ਲਗਾਏ। ਉਹਨਾਂ ਨੇ ਇਹ ਵੀ ਕਿਹਾ ਕਿ ਵੇਵ ਮੈਨੇਜਮੈਂਟ ਦੇ ਦਿੱਲੀ ਸਥਿਤ ਮੁੱਖ ਦਫਤਰ ਨੂੰ ਵੀ ਜਲਦੀ ਇਹਨਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਮਿਊਨਸੀਪਲ ਕਾਰਪੋਰੇਸ਼ਨ ਅਤੇ ਗਮਾਡਾ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੈਨੇਜਮੈਂਟ ਦੀ ਸ਼ਿਕਾਇਤ ਕੀਤੀ ਜਾਵੇਗੀ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਨੇ ਵੇਵ ਮੈਨੇਜਮੈਂਟ ਤੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੇ ਆਪੋ ਆਪਣੇ ਪਲਾਟਾਂ ਦੀ ਖਰੀਦ ਸਮੇਂ ਕਲੱਬ ਹਾਊਸ ਦੀ ਸਹੂਲਤ ਲੈਣ ਲਈ ਲੱਖਾਂ ਰੁਪਿਆ ਜਮਾ ਕਰਵਾਇਆ ਹੋਇਆ ਹੈ। ਪਰ ਮੈਨੇਜਮੈਂਟ ਫਿਰ ਵੀ ਉਹਨਾਂ ਨੂੰ ਉੱਥੇ ਵੜਨ ਨਹੀਂ ਦਿੰਦੀ। ਕਲੱਬ ਹਾਊਸ ਦਾ ਦਿਖਾਵਾ ਕਰਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਗਿਆ ਹੈ। ਇਸ ਦੀ ਵੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨਾਂ ਰੋਸ ਪ੍ਰਦਰਸ਼ਨ ਦੌਰਾਨ ਮੈਨੇਜਮੈਂਟ ਨੂੰ ਇਹ ਵੀ ਚੇਤਾਵਨੀ ਦਿੱਤੀ ਜੇਕਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਨਾ ਕੱਢਿਆ ਗਿਆ ਤਾਂ ਉਹ ਵੇਵ ਅਸਟੇਟ ਦੇ ਸਾਰੇ ਗੇਟ ਬੰਦ ਕਰਕੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਗੇ।ਅੱਜ ਦੇ ਇਸ ਰੋਸ ਪਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਆਰ ਡਬਲਿਊ ਏ ਦੇ ਆਗੂ ਭੁਪਿੰਦਰ ਸਿੰਘ ਢਿੱਲੋ, ਸਤਵਿੰਦਰ ਸਿੰਘ ਮੱਲੀ, ਬਲਜੀਤ ਸਿੰਘ ਉਪ ਪ੍ਰਧਾਨ, ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਫਰੰਟ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਮਲਕਪੁਰ, ਸੇਵਾ ਮੁਕਤ ਪੁਲਿਸ ਅਧਿਕਾਰੀ ਦਲਜੀਤ ਸਿੰਘ ਕੈਲੋਂ , ਪਵਨ ਸਚਦੇਵਾ, ਰਾਜੇਸ਼ ਸ਼ਰਮਾ, ਮਹੇਸ਼ ਸ਼ਰਮਾ ਵਾਈ. ਪੀ. ਰਤਨ, ਪ੍ਰੋਫੈਸਰ ਅਮਰੀਕ ਸਿੰਘ, ਪੱਤਰਕਾਰ ਸੁਰਿੰਦਰ ਰਾਣਾ, ਪ੍ਰੇਮ ਸਿੰਗਲਾ, ਸਰੂਪ ਸਿੰਘ ਅਤੇ ਅਸੀਮ ਖੁੰਗਰ ਆਦਿ ਹਾਜਰ ਸਨ।
Comments
Post a Comment