ਸੀਪੀਆਈ (ਐਮ) ਦੇ ਦਖ਼ਲ ਮਗਰੋਂ ਪੰਜਾਬ ’ਚ ਬਣਾਏ ਜਾਂਦੇ ਆਧਾਰ ਕਾਰਡਾਂ ’ਚ ਪੰਜਾਬੀ ਭਾਸ਼ਾ ਦੀ ਵਰਤੋਂ ਦਾ ਭਰੋਸਾ : ਕਾ: ਸੇਖੋਂ
ਸੀਪੀਆਈ (ਐਮ) ਦੇ ਦਖ਼ਲ ਮਗਰੋਂ ਪੰਜਾਬ ’ਚ ਬਣਾਏ ਜਾਂਦੇ ਆਧਾਰ ਕਾਰਡਾਂ ’ਚ ਪੰਜਾਬੀ ਭਾਸ਼ਾ ਦੀ ਵਰਤੋਂ ਦਾ ਭਰੋਸਾ : ਕਾ: ਸੇਖੋਂ
ਚੰਡੀਗੜ੍ਹ 11 ਸਤੰਬਰ ( ਰਣਜੀਤ ਧਾਲੀਵਾਲ ) : ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਵਿੱਚ ਬਣਾਏ ਜਾ ਰਹੇ ਆਧਾਰ ਕਾਰਡਾਂ ’ਤੇ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਦੀ ਵਰਤੋਂ ਕਰਨ ’ਤੇ ਸਵਾਲ ਚੁੱਕਦਿਆਂ ਸਬੰਧਤ ਵਿਭਾਗ ਨੂੰ ਪਿਛਲੇ ਦਿਨੀਂ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਕਾਮਰੇਡ ਸੇਖੋਂ ਨੇ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਬਣਨ ਵਾਲੇ ਆਧਾਰ ਕਾਰਡਾਂ ’ਤੇ ਸੂਬੇ ਦੀ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਕੀਤੀ ਜਾਵੇ। ਇਸ ਦੇ ਜਵਾਬ ਵਿੱਚ ਸਬੰਧਤ ਵਿਭਾਗ ਨੇ ਕਾਮਰੇਡ ਸੇਖੋਂ ਨੂੰ ਜਾਣੂ ਕਰਵਾਇਆ ਹੈ ਕਿ ਇਸ ਸਬੰਧੀ ਤਹਾਡੀ ਚਿੰਤਾ ਜਾਇਜ਼ ਹੈ ਤੇ ਪੰਜਾਬ ਵਿੱਚ ਬਣਾਏ ਜਾਣ ਵਾਲੇ ਆਧਾਰ ਕਾਰਡਾਂ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਲਈ ਲਿਖਿਆ ਗਿਆ ਹੈ। ਸਬੰਧਤ ਮਹਿਕਮੇ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਸ ਸਮੇਂ ਆਧਾਰ ਵੱਖ-ਵੱਖ ਰਾਜਾਂ ਦੀਆਂ 16 ਖੇਤਰੀ ਭਾਸ਼ਾਵਾਂ ਦੇ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਛਾਪਿਆ ਜਾਂਦਾ ਹੈ। ਆਧਾਰ ਸਾਫਟਵੇਅਰ ਵਿੱਚ ਵਰਤੀਆਂ ਜਾਂਦੀਆਂ 16 ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਖੇਤਰੀ ਭਾਸ਼ਾ ਹੈ ਅਤੇ ਪੰਜਾਬ ਵਿੱਚ ਆਧਾਰ ਗੁਰਮੁਖੀ ਭਾਸ਼ਾ ਦੇ ਨਾਲ ਅੰਗਰੇਜ਼ੀ ਵਿੱਚ ਛਾਪਿਆ ਜਾਂਦਾ ਹੈ। ’’ਤੁਹਾਡੀ ਚਿੰਤਾ ਨੂੰ ਚੰਗੀ ਤਰ੍ਹਾਂ ਲਿਆ ਗਿਆ ਹੈ ਅਤੇ ਪੰਜਾਬ ਰਾਜ ਵਿੱਚ ਆਧਾਰ ਪ੍ਰੋਜੈਕਟ ’ਤੇ ਕੰਮ ਕਰ ਰਹੇ ਰਜਿਸਟਰਾਰਾਂ/ਈਏ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
Comments
Post a Comment