ਪੰਜਾਬ ਤੇ ਮੁਲਾਜ਼ਮ ਵਿਰੋਧੀ ਨਵਾਂ ਸਰਵਿਸ ਰੂਲ ਤੁਰੰਤ ਰੱਦ ਹੋਵੇ : ਕਾ: ਸੇਖੋਂ
ਚੰਡੀਗੜ੍ਹ 5 ਸਤੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਲਾਗੂ ਕੀਤਾ ਨਵਾਂ ਸਰਵਿਸ ਰੂਲ ਪੰਜਾਬ ਦੇ ਹੱਕਾਂ ਨੂੰ ਖੋਹਣ ਵਾਲਾ ਹੈ, ਜਿਸਨੇ ਕਰਮਚਾਰੀਆਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ। ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਪੰਜਾਬ ਤੇ ਮੁਲਾਜ਼ਮ ਵਿਰੋਧੀ ਇਹ ਫੈਸਲਾ ਤੁਰੰਤ ਰੱਦ ਕੀਤਾ ਜਾਵੇ। ਕਾ: ਸੇਖੋਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੰਡੀਗੜ੍ਹ ਚੋਂ ਪੰਜਾਬ ਦਾ ਹੱਕ ਖਤਮ ਕਰਨ ਲਈ ਕੇਂਦਰ ਸਰਕਾਰਾਂ ਵੱਲੋਂ ਚੱਲੀਆਂ ਜਾਂ ਰਹੀਆਂ ਸਾਜਿਸ਼ਾਂ ਦੀ ਹੀ ਇਹ ਇੱਕ ਕੜੀ ਹੈ, ਜਿਸ ਨਾਲ ਚੰਡੀਗੜ੍ਹ ਵਿੱਚ ਸਰਵਿਸ ਕਰਦੇ ਅਫਸਰਾਂ ਕਰਮਚਾਰੀਆਂ ਦੇ ਭਵਿੱਖ ਬਾਰੇ ਫੈਸਲਾ ਕਰਨ ਦਾ ਅਧਿਕਾਰ ਕੇਵਲ ਚੰਡੀਗੜ੍ਹ ਦੇ ਪ੍ਰਸਾਸ਼ਕ ਦੇ ਹੱਥ ਵਿੱਚ ਆ ਜਾਣ ਸਦਕਾ ਸਮੁੱਚਾ ਕੰਟਰੌਲ ਕੇਂਦਰ ਸਰਕਾਰ ਦੇ ਕੰਟਰੌਲ ਵਿੱਚ ਹੋ ਜਾਵੇਗਾ। ਇਸ ਰੂਲ ਮੁਤਾਬਿਕ ਭਰਤੀ, ਬਦਲੀਆਂ, ਡੈਪੂਟੇਸ਼ਨ ਆਦਿ ਕੇਵਲ ਪ੍ਰਸ਼ਾਸ਼ਕ ਦੀ ਮਨਜੂਰੀ ਨਾਲ ਕੀਤਾ ਜਾ ਸਕੇਗਾ ਅਤੇ ਪੰਜਾਬ ਸਰਕਾਰ ਦੀ ਭੂਮਿਕਾ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਅਜਿਹਾ ਚੰਡੀਗੜ੍ਹ ਵਿੱਚੋਂ ਪੰਜਾਬ ਦੇ ਹੱਕਾਂ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ। ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲਾ ਇਸ ਸਰਵਿਸ ਰੂਲ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਲੋੜ ਪਈ ਤਾਂ ਸੂਬੇ ਦੇ ਹਿਤਾਂ ਦੀ ਰਾਖੀ ਲਈ ਹਮਖਿਆਲੀ ਪਾਰਟੀਆਂ ਤੇ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਸੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਸਰਕਾਰ ਦੀ ਕਮਜ਼ੋਰੀ ਦਾ ਲਾਹਾ ਲੈ ਕੇ ਕੇਂਦਰ ਸਰਕਾਰ ਇਹ ਫੈਸਲਾ ਲਾਗੂ ਕਰਨ ਦੇ ਰਾਹ ਤੁਰੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਪ੍ਰਤੀ ਸੁਹਿਰਦ ਹਨ ਤਾਂ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਰੋਕਣ।
Comments
Post a Comment