ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪ੍ਰਵਾਸੀ ਮਜ਼ਦੂਰਾਂ ਖਿਲਾਫ ਭਟਕਾਊ ਤੇ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪ੍ਰਵਾਸੀ ਮਜ਼ਦੂਰਾਂ ਖਿਲਾਫ ਭਟਕਾਊ ਤੇ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ
ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਰੱਖਣ ਦੀ ਅਪੀਲ
ਚੰਡੀਗੜ੍ਹ 17 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਖਿਲਾਫ ਭੜਕਾਏ ਜਾ ਰਹੇ ਅੰਨ੍ਹੇ ,ਫਿਰਕੂ ਤੇ ਇਲਾਕਾਈ ਜਨੂੰਨ ਦੀ ਲਪੇਟ 'ਚ ਨਾ ਆਉਣ। ਇਸ ਭੜਕਾਊ ਪ੍ਰਚਾਰ ਨੂੰ ਰੱਦ ਕਰਨ ਅਤੇ ਆਪਣਾ ਧਿਆਨ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦੀ ਸਹਾਇਤਾ ਅਤੇ ਇਸ ਨਾਲ ਜੁੜੇ ਹੱਕੀ ਮੁੱਦਿਆਂ 'ਤੇ ਕੇਂਦ੍ਰਿਤ ਕਰਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਇੱਕ ਮਾਸੂਮ ਬੱਚੇ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਬਣਦੇ ਵਿਅਕਤੀ ਨੂੰ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਤੇਜ਼ੀ ਨਾਲ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਉਸ ਵਿਅਕਤੀ ਵੱਲੋਂ ਕੀਤਾ ਗੁਨਾਹ ਨਾ ਬਖਸ਼ਣ ਯੋਗ ਹੈ ਪਰ ਇੱਕ ਵਿਅਕਤੀ ਦੇ ਅਜਿਹੇ ਗੁਨਾਹ ਨੂੰ ਉਸਦੇ ਸਮੁੱਚੇ ਭਾਈਚਾਰੇ ਨਾਲ ਜੋੜ ਕੇ ਉਸ ਨੂੰ ਲੋਕਾਂ ਦੀ ਨਫਰਤ ਦਾ ਨਿਸ਼ਾਨਾ ਬਣਾਉਣ ਵਾਲਾ ਭੜਕਾਊ ਪ੍ਰਚਾਰ ਚਲਾਉਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਹਰ ਸਮਾਜ ਵਿੱਚ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੌਜੂਦ ਹਨ। ਅਜਿਹਾ ਭੜਕਾਊ ਪ੍ਰਚਾਰ ਚਲਾਉਣ ਅਤੇ ਵੱਖ ਵੱਖ ਥਾਵਾਂ 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਪਛਾਣੇ ਜਾਣੇ ਚਾਹੀਦੇ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ 'ਚੋਂ ਭਜਾਉਣ ਦੇ ਹੋਕਰਿਆਂ ਲਈ ਜਿਹੜੀਆਂ ਭੜਕਾਊ ਤੇ ਫਿਰਕੂ ਤਾਕਤਾਂ ਸਰਗਰਮ ਹਨ, ਇਹ ਉਹੀ ਲੋਕ ਹਨ ਜਿਹੜੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵੇਲੇ ਭਾਜਪਾ ਸਰਕਾਰ ਦੇ ਹੱਥਾਂ 'ਚ ਖੇਡਦੇ ਰਹੇ ਹਨ। ਹੁਣ ਫਿਰ ਇਹਨਾਂ ਨੂੰ ਪੰਜਾਬ ਅੰਦਰ ਧਿਆਨ ਭਟਕਾਉਣ ਤੇ ਨਵੀਂ ਤਰ੍ਹਾਂ ਦਾ ਬਿਖੇੜਾ ਪਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਪ੍ਰਵਾਸੀ ਮਜ਼ਦੂਰ ਪੰਜਾਬ ਦੀ ਖੇਤੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਵਿੱਚ ਅਹਿਮ ਕਾਮਾ ਸ਼ਕਤੀ ਬਣੇ ਹੋਏ ਹਨ। ਇਹ ਮਜ਼ਦੂਰ ਅਜਿਹੇ ਸਖਤ ਜਾਨ ਤੇ ਜਾਨਲੇਵਾ ਕਿਸਮ ਦੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਪੰਜਾਬੀ ਕਿਰਤੀ ਵੀ ਕਰਨ ਤੋਂ ਕਤਰਾਉਂਦੇ ਹਨ। ਪੰਜਾਬ ਦੇ ਲੋਕਾਂ ਨੂੰ ਇਹਨਾਂ ਪ੍ਰਵਾਸੀ ਕਿਰਤੀਆਂ ਤੋਂ ਕੋਈ ਖਤਰਾ ਨਹੀਂ ਹੈ। ਜਦਕਿ ਪੰਜਾਬ ਦੇ ਲੋਕਾਂ ਨੂੰ ਅਸਲ ਖਤਰਾ ਪੰਜਾਬੀ ਸਮਾਜ ਅੰਦਰਲੇ ਜਗੀਰਦਾਰਾਂ ਤੇ ਵੱਡੇ ਸਰਮਾਏਦਾਰਾਂ ਤੋਂ ਹੈ। ਇਸ ਤੋਂ ਵੀ ਵੱਧ ਇਹ ਖਤਰਾ ਸਾਮਰਾਜੀ ਕੰਪਨੀਆਂ ਤੋਂ ਹੈ ਜਿਹੜੀਆਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀਆਂ ਹਨ ਤੇ ਮਜ਼ਦੂਰਾਂ ਦਾ ਰੁਜ਼ਗਾਰ ਉਜਾੜ ਰਹੀਆਂ ਹਨ ਅਤੇ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦੇ ਕਿੱਤੇ ਤਬਾਹ ਕਰ ਰਹੀਆਂ ਹਨ। ਪ੍ਰਵਾਸੀ ਕਿਰਤੀ ਤਾਂ ਇਹਨਾਂ ਲੁਟੇਰੀਆਂ ਤਾਕਤਾਂ ਖਿਲਾਫ ਜੂਝਣ ਲਈ ਪੰਜਾਬੀ ਕਿਰਤੀ ਲੋਕਾਂ ਦੇ ਜੋਟੀਦਾਰ ਬਣਦੇ ਹਨ। ਕਾਲੇ ਖੇਤੀ ਕਨੂੰਨਾਂ ਖਿਲਾਫ ਲੜਿਆ ਗਿਆ ਇਤਿਹਾਸਿਕ ਸੰਘਰਸ਼ ਦੂਸਰੇ ਸੂਬਿਆਂ ਦੇ ਕਿਸਾਨਾਂ ਤੇ ਹੋਰਨਾਂ ਲੋਕਾਂ ਦੇ ਸਾਥ ਤੇ ਮਦਦ ਨਾਲ ਹੀ ਜਿੱਤਿਆ ਗਿਆ ਸੀ। ਉਦੋਂ ਤੋਂ ਲੈ ਕੇ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੀ ਹੋਰਨਾਂ ਸੂਬਿਆਂ ਦੇ ਲੋਕਾਂ ਨਾਲ ਮਜ਼ਬੂਤ ਹੋ ਰਹੀ ਸੰਘਰਸ਼ ਜੋਟੀ ਨੂੰ ਤੋੜਨਾ ਚਾਹੁੰਦੀ ਹੈ। ਸਮਾਜ ਦੇ ਸਮੁੱਚੇ ਕਿਰਤੀ ਭਾਈਚਾਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਲਾਕਿਆਂ, ਜਾਤਾਂ, ਧਰਮਾਂ ਤੇ ਹਰ ਤਰ੍ਹਾਂ ਦੀਆਂ ਪਿਛਾਖੜੀ ਵੰਡੀਆਂ ਪਾਉਣਾ ਲੁਟੇਰੇ ਹਾਕਮਾਂ ਵੱਲੋਂ ਵਰਤਿਆ ਜਾਂਦਾ ਹਥਿਆਰ ਤੁਰਿਆ ਆ ਰਿਹਾ ਹੈ ਤੇ ਹੁਣ ਵੀ ਅਜਿਹੀਆਂ ਹੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਖਿਲਾਫ ਤਰ੍ਹਾਂ ਤਰ੍ਹਾਂ ਦੇ ਆਰਥਿਕ ਤੇ ਜਾਬਰ ਧਾਵੇ ਬੋਲਣ ਵੇਲੇ ਲੋਕਾਂ ਦਾ ਧਿਆਨ ਭਟਕਾਉਣ ਤੇ ਲੋਕਾਂ ਨੂੰ ਆਪੋ ਵਿੱਚ ਲੜਾਉਣ ਦਾ ਉਹੀ ਹਥਿਆਰ ਹੁਣ ਫਿਰ ਅਜ਼ਮਾਇਆ ਜਾ ਰਿਹਾ ਹੈ। ਇਸ ਕੰਮ ਵਿੱਚ ਮੌਕਾਪ੍ਰਸਤ ਵੋਟ ਸਿਆਸਤਦਾਨ, ਫਿਰਕੂ ਜਨੂੰਨੀ ਅਨਸਰ, ਵਿਕਾਊ ਤੇ ਭੜਕਾਊ ਚੈਨਲ ਤੇ ਹੋਰ ਵੱਖ ਵੱਖ ਰੰਗਾਂ ਦੀਆਂ ਲੋਕ ਦੋਖੀ ਤਾਕਤਾਂ ਸ਼ਾਮਿਲ ਹਨ। ਮੁਲਕ ਪੱਧਰ 'ਤੇ ਮੋਦੀ ਹਕੂਮਤ ਇਸ ਵੰਡ ਪਾਊ ਲੋਕ ਦੋਖੀ ਸਿਆਸਤ ਦੀ ਅੱਜ ਕੱਲ੍ਹ ਝੰਡਾ ਬਰਦਾਰ ਬਣੀ ਹੋਈ ਹੈ। ਉਹੀ ਨੁਸਖੇ ਪੰਜਾਬ ਵਿੱਚ ਅਜ਼ਮਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਸਮੂਹ ਇਨਸਾਫ਼ਪਸੰਦ ਤੇ ਜਮਹੂਰੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਭੜਕਾਊ ਚਾਲਾਂ ਤੋਂ ਸਮੂਹ ਲੋਕਾਂ ਨੂੰ ਸੁਚੇਤ ਕਰਨ, ਭੜਕਾਊ ਅਨਸਰਾਂ ਨੂੰ ਲੋਕਾਂ 'ਚੋਂ ਨਿਖੇੜਨ, ਭੜਕਾਹਟ 'ਚ ਆਏ ਆਮ ਲੋਕਾਂ ਨੂੰ ਅਸਲੀਅਤ ਸਮਝਾਉਣ, ਸਮੂਹ ਪ੍ਰਵਾਸੀ ਮਜ਼ਦੂਰਾਂ ਖਿਲਾਫ ਜਬਰ ਤੇ ਧੱਕੇਸ਼ਾਹੀ ਨੂੰ ਰੱਦ ਕਰਨ, ਇਸ ਦਾ ਵਿਰੋਧ ਕਰਨ ਤੇ ਆਪੋ ਆਪਣੇ ਆਲੇ ਦੁਆਲੇ 'ਚ ਉਹਨਾਂ ਨੂੰ ਸੁਰੱਖਿਆ ਤੇ ਭਰੋਸੇ ਦਾ ਅਹਿਸਾਸ ਕਰਵਾਉਣ ਅਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਕਰਨ।
Comments
Post a Comment