ਸੰਤ ਨਿਰੰਕਾਰੀ ਮਿਸ਼ਨ ਦੀ ਸਹਿਯੋਗ ਨਾਲ “ਗਲੋਬਲ ਯੂਥ ਫੈਸਟਿਵਲ 2025” ਦਾ ਸਫ਼ਲ ਆਯੋਜਨ
ਚੰਡੀਗੜ੍ਹ/ਪੰਚਕੂਲਾ 6 ਅਕਤੂਬਰ ( ਰਣਜੀਤ ਧਾਲੀਵਾਲ ) : “ਅਹਿੰਸਾ, ਸ਼ਾਂਤੀ ਅਤੇ ਸਰਵ ਧਰਮ ਸਮ ਭਾਵ” ਵਰਗੇ ਮਹਾਤਮਾ ਗਾਂਧੀ ਦੇ ਅਮਰ ਆਦਰਸ਼ਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਅਤੇ ਵਿਸ਼ਵ ਇਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗਾਂਧੀ ਗਲੋਬਲ ਫੈਮਿਲੀ (ਜੀ.ਜੀ.ਐਫ), ਨੇਸ਼ਨਲ ਯੂਥ ਪ੍ਰੋਜੈਕਟ (ਐਨ.ਵਾਈ.ਪੀ) ਅਤੇ ਸੰਤ ਨਿਰੰਕਾਰੀ ਮਿਸ਼ਨ (ਐਸ.ਐਨ.ਐਮ) ਦੇ ਸਾਂਝੇ ਆਯੋਜਨ ਹੇਠ 2 ਤੋਂ 7 ਅਕਤੂਬਰ 2025 ਤੱਕ ਪਾਣੀਪਤ ਦੇ ਅਸੰਧ ਰੋਡ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ “ਗਲੋਬਲ ਯੂਥ ਫੈਸਟਿਵਲ 2025” ਦਾ ਸ਼ਾਨਦਾਰ ਤੇ ਇਤਿਹਾਸਕ ਆਯੋਜਨ ਕੀਤਾ ਗਿਆ। ਇਸ ਸੱਤ ਦਿਨਾਂ ਦੇ ਅੰਤਰਰਾਸ਼ਟਰੀ ਮਹੋਤਸਵ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਤੋਂ ਲਗਭਗ 400 ਨੌਜਵਾਨ ਪ੍ਰਤੀਨਿਧੀਆਂ ਨੇ ਭਾਗ ਲਿਆ। ਇਹ ਸਮਾਗਮ ਵਿਚਾਰਾਂ, ਸੱਭਿਆਚਾਰਕ ਅਦਾਨ–ਪ੍ਰਦਾਨ ਅਤੇ ਮਨੁੱਖਤਾ ਦੇ ਸੰਦੇਸ਼ ਦਾ ਇਕ ਜੀਵੰਤ ਮੰਚ ਬਣਿਆ। ਰੋਜ਼ਾਨਾ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਚੱਲਦੇ ਪ੍ਰੋਗਰਾਮਾਂ ਵਿੱਚ ਯੋਗ ਸੈਸ਼ਨ, ਸ਼ਰਮਦਾਨ, ਸੰਵਾਦ, ਭਾਸ਼ਾਈ ਕਲਾਸਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਸ਼ਾਮਲ ਰਹੀਆਂ। ਦੇਸ਼-ਵਿਦੇਸ਼ ਦੇ ਨੌਜਵਾਨ ਕਲਾਕਾਰਾਂ ਨੇ ਆਪਣੀਆਂ ਕਲਾਤਮਕ ਪੇਸ਼ਕਾਰੀਆਂ ਰਾਹੀਂ “ਵਸੁਧੈਵ ਕੁਟੁੰਬਕਮ” ਦੀ ਭਾਵਨਾ ਨੂੰ ਜੀਵੰਤ ਕੀਤਾ। ਸਾਰੇ ਭਾਗੀਦਾਰਾਂ ਲਈ ਰਹਿਣ ਅਤੇ ਭੋਜਨ ਦੀ ਮੁਫ਼ਤ ਸੁਵਿਧਾ ਪ੍ਰਬੰਧਿਤ ਸੀ, ਜਿਸ ਨਾਲ ਉਨ੍ਹਾਂ ਦੀ ਭਾਗੀਦਾਰੀ ਆਸਾਨ ਤੇ ਪ੍ਰੇਰਕ ਬਣੀ ਰਹੀ। 3 ਅਕਤੂਬਰ ਨੂੰ ਮਹੋਤਸਵ ਦਾ ਉਦਘਾਟਨ ਸਮਾਰੋਹ ਹੋਇਆ, ਜਿਸ ਵਿੱਚ ਮੁੱਖ ਅਤੀਥੀ ਵਜੋਂ ਗਾਂਧੀ ਗਲੋਬਲ ਫੈਮਿਲੀ ਦੇ ਪ੍ਰਧਾਨ, ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਗੁਲਾਮ ਨਬੀ ਆਜ਼ਾਦ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਸ਼੍ਰੀ ਜਗਿੰਦਰ ਸੁਖੀਜਾ ਅਤੇ ਨੇਸ਼ਨਲ ਯੂਥ ਪ੍ਰੋਜੈਕਟ ਦੇ ਸਕੱਤਰ ਸ਼੍ਰੀ ਰਣ ਸਿੰਘ ਪਰਮਾਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇੰਚਾਰਜ (ਪ੍ਰੈਸ ਐਂਡ ਪਬਲਿਸਿਟੀ) ਸ਼੍ਰੀ ਰਾਕੇਸ਼ ਮੁਟਰੇਜਾ ਅਤੇ ਪ੍ਰਚਾਰ ਵਿਭਾਗ ਦੇ ਕੋਆਰਡੀਨੇਟਰ ਸ਼੍ਰੀ ਹੇਮਰਾਜ ਸ਼ਰਮਾ ਦੀ ਭੂਮਿਕਾ ਖ਼ਾਸ ਤੌਰ ਤੇ ਪ੍ਰਸ਼ੰਸਾਯੋਗ ਰਹੀ। ਉਨ੍ਹਾਂ ਨੇ ਨੌਜਵਾਨਾਂ ਨੂੰ ਮਿਸ਼ਨ ਦੇ ਮੁੱਢਲੇ ਸਿਧਾਂਤ — “ਪਰਮਾਤਮਾ ਦੀ ਏਕਤਾ, ਮਨੁੱਖ ਦੀ ਏਕਤਾ ਅਤੇ ਧਰਮ ਦਾ ਸਾਰ – ਪ੍ਰੇਮ” — ਨਾਲ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਆਧਿਆਤਮਿਕ ਸਮਰਸਤਾ, ਸੇਵਾ ਅਤੇ ਸ਼ਾਂਤੀ ਰਾਹੀਂ ਵਿਸ਼ਵ ਭਰਾਤ੍ਰਿਤਾ ਦੀ ਸਥਾਪਨਾ ਸੰਭਵ ਹੈ। ‘Oneness Talk’ ਸੰਵਾਦ ਸ਼੍ਰਿੰਖਲਾ ਦੇ ਤਹਿਤ 3 ਅਤੇ 4 ਅਕਤੂਬਰ ਨੂੰ ਹੋਏ ਸੈਸ਼ਨਾਂ ਦੀ ਅਧਿਆਕਸ਼ਤਾ ਸ਼੍ਰੀ ਰਾਕੇਸ਼ ਮੁਟਰੇਜਾ ਅਤੇ ਸ਼੍ਰੀ ਹੇਮਰਾਜ ਸ਼ਰਮਾ ਨੇ ਕੀਤੀ। ਇਨ੍ਹਾਂ ਸੈਸ਼ਨਾਂ ਵਿੱਚ ਵਿਸ਼ਵ ਨਾਗਰਿਕਤਾ, ਮਨੁੱਖੀ ਸੰਵੇਦਨਾਵਾਂ, ਸਮਾਜਿਕ ਜ਼ਿੰਮੇਵਾਰੀ ਅਤੇ ਗਾਂਧੀਵਾਦੀ ਵਿਚਾਰਧਾਰਾ ਵਰਗੇ ਵਿਸ਼ਿਆਂ ‘ਤੇ ਨੌਜਵਾਨਾਂ ਨੇ ਗਹਿਰੇ ਵਿਚਾਰ ਸਾਂਝੇ ਕੀਤੇ। ਸਮਾਪਨ ਸਮਾਰੋਹ ਦੌਰਾਨ ਸਾਰੇ ਪ੍ਰਤੀਨਿਧੀਆਂ ਨੇ ਇਹ ਸੰਕਲਪ ਲਿਆ ਕਿ ਉਹ ਆਪਣੇ ਜੀਵਨ ਵਿੱਚ ਗਾਂਧੀ ਜੀ ਦੇ ਸਿਧਾਂਤਾਂ ਨੂੰ ਅਪਣਾਉਣਗੇ ਅਤੇ ਸ਼ਾਂਤੀ, ਸਹਿਯੋਗ ਤੇ ਸਦਭਾਵਨਾ ਦੇ ਦੂਤ ਬਣਨਗੇ। ਇਹ ਮਹੋਤਸਵ ਕੇਵਲ ਸੱਭਿਆਚਾਰਕ ਜਾਂ ਸ਼ਿੱਖਿਆਤਮਕ ਗਤੀਵਿਧੀ ਨਹੀਂ ਰਿਹਾ, ਸਗੋਂ ਇਹ ਇੱਕ ਜੀਵੰਤ ਵਿਚਾਰਕ ਅੰਦੋਲਨ ਵਜੋਂ ਉਭਰਿਆ ਜਿਸ ਨੇ ਨਵੀਂ ਪੀੜ੍ਹੀ ਨੂੰ ਗਾਂਧੀ ਦਰਸ਼ਨ ਦੀ ਰੌਸ਼ਨੀ ਵਿੱਚ ਮਨੁੱਖਤਾ ਦੇ ਵਿਸ਼ਵਿਕ ਮੁੱਲਾਂ ਨਾਲ ਜੋੜਿਆ।
Comments
Post a Comment