ਸਰਕਲ ਕਬੱਡੀ ਦੀ 32ਵੀਂ ਸੀਨੀਅਰ ਪੁਰਸ਼ ਅਤੇ ਮਹਿਲਾ ਰਾਸ਼ਟਰੀ ਚੈਂਪਿਅਨਸ਼ਿਪ 11 ਤੋਂ 13 ਅਕਤੂਬਰ ਤੱਕ ਚੰਡੀਗੜ੍ਹ 'ਚ
ਚੰਡੀਗੜ੍ਹ 9 ਅਕਤੂਬਰ ( ਰਣਜੀਤ ਧਾਲੀਵਾਲ ) : ਸਰਕਲ ਕਬੱਡੀ ਦੀ 32ਵੀਂ ਰਾਸ਼ਟਰੀ ਪੁਰਸ਼ ਅਤੇ ਮਹਿਲਾ ਚੈਂਪਿਅਨਸ਼ਿਪ 11 ਤੋਂ 13 ਅਕਤੂਬਰ 2025 ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਰਵਾਈ ਜਾਵੇਗੀ। ਇਹ ਮੈਚ ਅਮੈਚਰ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਜਾ ਰਹੇ ਹਨ, ਜੋ ਕਿ ਵਰਲਡ ਕਬੱਡੀ ਫੈਡਰੇਸ਼ਨ ਅਤੇ ਏਸ਼ੀਅਨ ਸਰਕਲ ਕਬੱਡੀ ਫੈਡਰੇਸ਼ਨ ਨਾਲ ਸੰਬੰਧਤ ਹੈ। ਸਾਬਕਾ ਮੇਅਰ ਚੰਡੀਗੜ੍ਹ ਅਤੇ ਅਮੈਚਰ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇਵੇਸ਼ ਮੌਦਗਿਲ ਅਤੇ ਜਨਰਲ ਸਕੱਤਰ (1978 ਤੋਂ) ਜੇਪੀ ਸ਼ਰਮਾ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਚੈਂਪਿਅਨਸ਼ਿਪ ਦੇ ਸਾਰੇ ਮੈਚ ਪੰਜਾਬ ਯੂਨੀਵਰਸਿਟੀ ਦੇ ਫੁੱਟਬਾਲ ਗ੍ਰਾਊਂਡ ਵਿੱਚ ਖੇਡੇ ਜਾਣਗੇ ਅਤੇ ਇਹ ਮੁਕਾਬਲੇ ਨਾਕਆਉਟ ਪ੍ਰਣਾਲੀ ਅਧੀਨ ਹੋਣਗੇ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਖਿਡਾਰੀਆਂ ਨੂੰ ਮੁਫ਼ਤ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਸੁਵਿਧਾ ਦਿੱਤੀ ਜਾਵੇਗੀ। ਨਾਲ ਹੀ ਜੇਤੂ ਅਤੇ ਦੂਜੇ ਨੰਬਰ ਦੀ ਟੀਮ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ। ਸਾਰੇ ਖਿਡਾਰੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਵਾਰ ਪਹਿਲੀ ਵਾਰ ਚੈਂਪਿਅਨਸ਼ਿਪ ਵਿੱਚ ਨਕਦ ਇਨਾਮਾਂ ਦੀ ਵਿਵਸਥਾ ਕੀਤੀ ਗਈ ਹੈ। ਪੁਰਸ਼ ਵਰਗ ਵਿੱਚ ਜੇਤੂ ਟੀਮ ਨੂੰ 61,000 ਰੁਪਏ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 31,000 ਰੁਪਏ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸੇ ਤਰ੍ਹਾਂ, ਮਹਿਲਾ ਵਰਗ ਵਿੱਚ ਜੇਤੂ ਟੀਮ ਨੂੰ 41,000 ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 31,000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਚੈਂਪਿਅਨਸ਼ਿਪ ਵਿੱਚ ਭਾਗ ਲੈਣ ਲਈ ਜੋ ਰਾਜ ਆਪਣੇ ਹਿੱਸੇਦਾਰੀ ਦੀ ਪੁਸ਼ਟੀ ਕਰ ਚੁੱਕੇ ਹਨ, ਉਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਝਾਰਖੰਡ, ਵਿਦਰਭ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਅਸਮ ਸ਼ਾਮਲ ਹਨ।
Comments
Post a Comment