4 ਸਾਲਾਂ ਦੇ ਪੁੱਤ ਨੂੰ ਮਾਂ ਤੋਂ ਜਬਰੀ ਖੋਹੇ ਜਾਣ ਵਾਲੇ ਮਾਮਲੇ ਤੇ ਐਸ ਸੀ ਬੀਸੀ ਮੋਰਚੇ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ 8 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਦਾ ਕੀਤਾ ਐਲਾਨ
ਥਾਣਾ ਸਦਰ ਖਰੜ ਦੀ ਪੁਲਿਸ ਵੀਂ ਮਾਂ ਨੂੰ ਬੱਚਾ ਦਿਵਾਉਣ 'ਚ ਅਸਮਰੱਥ, ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ,
ਇਸ ਪੀੜਤ ਮਾਂ ਨੂੰ ਇਨਸਾਫ ਦਿਵਾਉਣ ਲਈ ਸਮੂਹ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਅੱਗੇ ਆਉਣ ਤੇ ਇਸ ਬੱਚੀ ਨੂੰ ਇਨਸਾਫ਼ ਦਿਵਾਉਣ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 4 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਪੀੜਿਤ ਮਾਂ ਅਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ (ਪਤਨੀ ਮਨਪ੍ਰੀਤ ਸਿੰਘ) ਵਾਸੀ ਪਿੰਡ ਬੁਰਜ ਹਰੀ ਸਿੰਘ ਜਿਲਾ ਲੁਧਿਆਣਾ ਪਹੁੰਚੀ। ਜਿਸ ਦੇ ਚਾਰ ਸਾਲਾਂ ਬੇਟੇ ਨੂੰ ਜਬਰੀ ਖੋਹੇ ਜਾਣ ਤੋਂ ਬਾਅਦ ਪਿਛਲੇ 9 ਦਿਨਾਂ ਤੋਂ ਉਸ ਦੀ ਇੱਕ ਝਲਕ ਦੇਖਣ ਲਈ, ਆਪਣੇ ਬੱਚੇ ਨੂੰ ਲੈਣ ਲਈ ਵਿਲਕਦੀ ਫਿਰ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਐਸ.ਐਸ.ਪੀ. ਮੋਹਾਲੀ, ਡੀ.ਐਸ.ਪੀ. ਖਰੜ ਅਤੇ ਐਸ.ਐਚ.ਓ. ਥਾਣਾ ਸਦਰ ਖਰੜ ਇੱਕ ਤਮਾਸ਼ਬੀਨ ਬਣਕੇ ਪੀੜਿਤ ਮਾਂ ਦਾ ਤਮਾਸ਼ਾ ਦੇਖ ਰਹੇ ਹਨ। ਉਸ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਅਖੀਰ ਅੱਜ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚਾ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਸਾਹਮਣੇ ਆਪਣੇ ਨਾਲ ਹੋਈ ਵਧੀਕੀ ਦੀ ਹੱਡਬੀਤੀ ਦੱਸਦਿਆਂ ਬੜੇ ਦੁਖੀ ਮਨ ਨਾਲ ਪੀੜਿਤ ਮਾਂ ਅਮਨਦੀਪ ਕੌਰ ਨੇ ਕਿਹਾ ਕਿ ਮੇਰੇ ਪਤੀ, ਸੱਸ ਅਤੇ ਦਿਓਰ ਨੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈਕੇ ਜਬਰੀ ਮੇਰੇ ਬੇਟੇ ਨੂੰ ਗੱਬੇ ਮਾਜਰਾ ਤੋਂ ਖੋਹ ਕੇ ਲੈ ਗਏ। ਜਿੱਥੇ ਮੈਂ ਇੱਕ ਮੰਗਣੀ ਦੇ ਪ੍ਰੋਗਰਾਮ ਵਿੱਚ ਆਪਣੇ ਰਿਸ਼ਤੇਦਾਰੀ ਵਿੱਚ ਆਈ ਹੋਈ ਸੀ। ਥਾਣਾ ਸਦਰ ਖਰੜ ਦੀ ਪੁਲਿਸ ਮਾਨਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਨੂੰ ਵੀ ਨਹੀਂ ਮੰਨ ਰਹੇ। ਮੈਂ ਆਪਣੇ ਬੇਟੇ ਨੂੰ ਮਿਲਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਬੇਟੇ ਨੂੰ ਜਲਦ ਤੋਂ ਜਲਦ ਮੇਰੇ ਸਪੁਰਦ ਕੀਤਾ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੱਚੇ ਨੂੰ ਮਾਂ ਦੇ ਹਵਾਲੇ ਕਰਨ ਲਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਮੋਹਾਲੀ ਪੁਲਿਸ ਪ੍ਰਸ਼ਾਸਨ ਟਿੱਚ ਸਮਝ ਰਿਹਾ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਤਿੰਨ ਦਿਨਾਂ ਵਿੱਚ ਇਸ ਮਾਂ ਨੂੰ ਇਸ ਦਾ ਬੱਚਾ ਨਾ ਦਿਵਾਇਆ ਤਾਂ ਮਿਤੀ 8 ਅਕਤੂਬਰ ਦਿਨ ਬੁੱਧਵਾਰ ਸਵੇਰੇ 11:00 ਵਜੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਨਿਹੰਗ ਸਿੰਘ ਜਥੇਬੰਦੀਆਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰਨਗੀਆਂ ਤੇ ਇਸ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅਸੀਂ ਜਿਲਾ ਮੋਹਾਲੀ ਦੇ ਹੋਰ ਪੁਲਿਸ ਤੋਂ ਪੀੜਿਤ ਪਰਿਵਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੇ ਦਸਤਾਵੇਜ਼ ਅਤੇ ਸਬੂਤ ਲੈਕੇ ਇਸ ਰੋਸ ਪ੍ਰਦਰਸ਼ਨ ਵਿੱਚ ਪਹੁੰਚੋ ਤਾਂ ਜੋ ਤੁਹਾਡੀ ਵੀ ਸੁਣਵਾਈ ਕਰਨ ਲਈ ਹੰਭਲਾ ਮਾਰਿਆ ਜਾ ਸਕੇ। ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਮਾਸਟਰ ਬਨਵਾਰੀ ਲਾਲ, ਹਰਪਾਲ ਸਿੰਘ, ਰਿਸ਼ੀ ਰਾਜ ਮਹਾਰ, ਬਲਜੀਤ ਸਿੰਘ, ਕਰਮਜੀਤ ਸਿੰਘ, ਪੂਨਮ ਰਾਣੀ, ਨੀਲਮ, ਬਲਜਿੰਦਰ ਸਿੰਘ, ਮੰਜੂ ਲੂਬਾ, ਧਰਮਿੰਦਰ ਸਿੰਘ, ਸ਼ਿਕਸ਼ਾ ਸ਼ਰਮਾ, ਜਗਦੀਪ ਸਿੰਘ, ਬੰਟੀ ਸਿੰਘ ਆਦਿ ਹਾਜ਼ਰ ਹੋਏ।
Comments
Post a Comment