ਈਕੋਸਿੱਖ ਪੰਜਾਬ ਵਿੱਚ ਅਲੋਪ ਹੋਣ ਦੇ ਕੰਢੇ 'ਤੇ ਪਹੁੰਚ ਚੁੱਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਛੀ, ਬਾਜ਼ ਨੂੰ ਮੁੜ ਸੁਰਜੀਤ ਕਰਨ ਵਿੱਚ ਹੋਇਆ ਇਕੱਠਾ
ਈਕੋਸਿੱਖ ਪੰਜਾਬ ਵਿੱਚ ਅਲੋਪ ਹੋਣ ਦੇ ਕੰਢੇ 'ਤੇ ਪਹੁੰਚ ਚੁੱਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਛੀ, ਬਾਜ਼ ਨੂੰ ਮੁੜ ਸੁਰਜੀਤ ਕਰਨ ਵਿੱਚ ਹੋਇਆ ਇਕੱਠਾ
ਬਾਜ਼ ਨੂੰ ਬਚਾਉਣ ਲਈ ਇੱਕ ਯੋਜਨਾ ਬਣਾ ਕੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ 350 ਬਾਗ ਲਗਾਉਣ ਦਾ ਟੀਚਾ
ਚੰਡੀਗੜ੍ਹ 15 ਅਕਤੂਬਰ ( ਰਣਜੀਤ ਧਾਲੀਵਾਲ ) : ਈਕੋਸਿੱਖ, ਇੱਕ ਗਲੋਬਲ ਗੈਰ-ਸਰਕਾਰੀ ਸੰਗਠਨ (ਐਨਜੀਓ) ਜੋ ਸਿੱਖ ਭਾਈਚਾਰੇ ਨੂੰ ਜਲਵਾਯੂ ਪਰਿਵਰਤਨ ਦੇ ਖਤਰਿਆਂ ਅਤੇ ਕੁਦਰਤੀ ਵਾਤਾਵਰਣ ਦੇ ਬਿਗੜਦੇ ਸਵਰੂਪ ਲਈ ਇਕਜੁੱਟ ਕਰਕੇ ਇਨ੍ਹਾਂ ਸਮਸਿਆਵਾਂ 'ਤੇ ਕੰਮ ਕਰਦਾ ਹੈ, ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਪੰਛੀ, ਬਾਜ਼ ਦੇ ਕੁਨਬੇ ਨੂੰ ਦੁਬਾਰਾ ਵਸਾਉਣ ਦੇ ਉਦੇਸ਼ ਨਾਲ ਇੱਕ ਵੱਡੀ ਯੋਜਨਾ ਦਾ ਖੁਲਾਸਾ ਕੀਤਾ ਹੈ। ਇਹ ਯੋਜਨਾ ਮੁੰਬਈ ਸਥਿਤ 140 ਸਾਲ ਪੁਰਾਣੀ ਸੰਸਥਾ, ਬੰਬੇ ਨੈਚੁਰਲ ਹਿਸਟਰੀ ਸੋਸਾਇਟੀ (ਬੀਐਨਐਚਐਸ) ਦੇ ਸਹਿਯੋਗ ਨਾਲ ਲਾਗੂ ਕੀਤੀ ਜਾਵੇਗੀ। ਇਸ ਪੂਰੇ ਪ੍ਰੋਜੈਕਟ ਦਾ ਉਦੇਸ਼ ਬਾਜ਼, ਜਾਂ ਉੱਤਰੀ ਗੋਸ਼ੌਕ( ਨਾਰਦਨ ਗੋਸ਼ਾਕ), ਅਤੇ ਇੱਕ ਹੋਰ ਬਾਜ਼ ਪ੍ਰਜਾਤੀ, ਸ਼ਾਹੀਨ ਬਾਜ ਦੇ ਕੁਦਰਤੀ ਨਿਵਾਸ ਸਥਾਨ ਨੂੰ ਫਿਰ ਬਹਾਲ ਕਰਨਾ ਹੈ। ਈਕੋਸਿੱਖ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ 350 ਬਾਗ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਹ ਐਲਾਨ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤੇ ਗਏ। ਈਕੋਸਿੱਖ ਦੇ ਗਲੋਬਲ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ, "ਗੁਰੂ ਗੋਬਿੰਦ ਸਿੰਘ ਜੀ ਦਾ ਉੱਡਦਾ ਪੰਛੀ, 'ਬਾਜ਼', ਲੋਕਾਂ ਨੂੰ ਮਾਣ ਅਤੇ ਹਿੰਮਤ ਨਾਲ ਜੀਵਨ ਜਿਊਣ ਦੀ ਯਾਦ ਦਿਵਾਉਂਦਾ ਸੀ। ਇਹ ਮੰਦਭਾਗਾ ਹੈ ਕਿ ਮਹਾਨ ਗੁਰੂ ਦਾ ਇਹ ਮਹੱਤਵਪੂਰਨ ਪ੍ਰਤੀਕ ਅਤੇ ਪੰਜਾਬ ਦਾ ਅਧਿਕਾਰਤ ਰਾਜ ਪੰਛੀ ਹੁਣ ਨਿਵਾਸ ਸਥਾਨ ਦੇ ਨੁਕਸਾਨ, ਗੈਰ-ਕਾਨੂੰਨੀ ਵਪਾਰ ਅਤੇ ਪ੍ਰਦੂਸ਼ਣ ਕਾਰਨ ਸੂਬੇ ਦੇ ਅਸਮਾਨ ਤੋਂ ਅਲੋਪ ਹੋ ਗਿਆ ਹੈ।" ਉਨ੍ਹਾਂ ਨੇ ਦੱਸਿਆ ਕਿ ਇਹ ਚਿੰਤਾਜਨਕ ਗੱਲ ਹੈ ਕਿ ਪੰਜਾਬ ਦੇ ਜੰਗਲੀ ਜੀਵ ਵਿਭਾਗ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਜ਼ ਦੇ ਕਿਸੇ ਵੀ ਰਿਕਾਰਡ ਦੇਖੇ ਜਾਣ ਦੀ ਰਿਪੋਰਟ ਨਹੀਂ ਕੀਤੀ ਹੈ। ਇਸ ਲਈ, ਸੂਬੇ ਵਿੱਚ ਵਾਤਾਵਰਣ ਸੰਤੁਲਨ (ਇਕੋਲੋਜਿਕਲ ਬੈਲੇਂਸ) ਨੂੰ ਬਹਾਲ ਕਰਨ ਅਤੇ ਗੁਰੂ ਗੋਬਿੰਦ ਸਿੰਘ ਨਾਲ ਜੁੜੇ ਇਸ ਪਵਿੱਤਰ ਪੰਛੀ ਨੂੰ ਸ਼ਰਧਾਂਜਲੀ ਦੇਣ ਲਈ ਬਾਜ਼ ਨੂੰ ਪੰਜਾਬ ਵਿੱਚ ਦੁਬਾਰਾ ਲਿਆਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਡਾ. ਰਾਜਵੰਤ ਨੇ ਕਿਹਾ, "ਈਕੋਸਿੱਖ ਵਿਖੇ, ਅਸੀਂ ਬੰਬੇ ਨੈਚੁਰਲ ਹਿਸਟਰੀ ਸੋਸਾਇਟੀ (ਬੀ.ਐਨ.ਐਚ.ਐਸ.) ਨਾਲ ਆਪਣੇ ਸਮਝੌਤੇ ਅਤੇ ਆਪਸੀ ਸਹਿਯੋਗ ਦੀ ਵਿਆਪਕ ਯੋਜਨਾ ਬਾਰੇ ਬਹੁਤ ਉਤਸ਼ਾਹਿਤ ਹਾਂ, ਜਿਸ ਦੇ ਤਹਿਤ ਅਸੀਂ ਇੱਕ ਮਹੱਤਵਾਕਾਂਖੀ ਪਵਿੱਤਰ ਜੀਵ ਮਿਸ਼ਨ ਦੀ ਸ਼ੁਰੂਆਤ ਕਰਾਂਗੇ। ਇਹ ਇੱਕ ਵਿਗਿਆਨਕ ਤੌਰ 'ਤੇ ਨਿਰਦੇਸ਼ਤ ਪਹਿਲਕਦਮੀ ਹੈ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਸਹਿਯੋਗ ਕਰਕੇ ਬਾਜ਼ਾਂ ਦਾ ਪੁਨਰਵਾਸ ਅਤੇ ਪੰਜਾਬ ਭਰ ਵਿੱਚ ਇਸਦੇ ਗੁਆਚੇ ਹੋਏ ਨਿਵਾਸ ਸਥਾਨ ਨੂੰ ਦੁਬਾਰਾ ਤੋਂ ਆਬਾਦ ਕਰੇਗਾ।"

Comments
Post a Comment