ਆਮ ਆਦਮੀ ਪਾਰਟੀ ਨੇ ਪੰਜਾਬ ਦਾ ਆਫ਼ਤ ਰਾਹਤ ਫੰਡ ਲੁੱਟਿਆ : ਤਰੁਣ ਚੁੱਘ
ਕਿਸਾਨਾਂ ਨਾਲ ਧੋਖਾਧੜੀ, ਪੰਜਾਬ ਨੂੰ ਕਰਜ਼ੇ ਦੇ ਖੱਡ ਵਿੱਚ ਧੱਕਿਆ
ਚੰਡੀਗੜ੍ਹ 6 ਅਕਤੂਬਰ ( ਰਣਜੀਤ ਧਾਲੀਵਾਲ ) : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਭੰਡਾਫੋੜ ਕੀਤਾ ਕਿ ਕਿਵੇਂ ਪੰਜਾਬ ਦਾ ₹12,589.59 ਕਰੋੜ ਦਾ ਸਟੇਟ ਡਿਜਾਸਟਰ ਰਿਸਪਾਂਸ ਫੰਡ (SDRF) ਬੇਰਹਮੀ ਨਾਲ ਲੁੱਟਿਆ ਗਿਆ। ਵੱਖਰਾ ਖਾਤਾ ਬਣਾਉਣ ਦੀ ਥਾਂ ਇਸ ਰਕਮ ਨੂੰ ਆਮ ਸਰਕਾਰੀ ਖਰਚਿਆਂ ਵਿੱਚ ਉਡਾ ਦਿੱਤਾ ਗਿਆ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਰਾਜ ਸਰਕਾਰ ਆਫ਼ਤ ਰਾਹਤ ਕੋਸ਼ ਦੀ ਚੋਰੀ ਕਰਦੇ ਫੜੀ ਗਈ ਹੈ। ਚੁੱਘ ਨੇ ਕਿਹਾ ਕਿ ਇਹ ਪੈਸਾ ਧੁੱਸੀ ਬੰਨ੍ਹਾਂ ਦੀ ਮਜ਼ਬੂਤੀ, ਬਾੜ ਰੋਕਥਾਮ ਅਤੇ ਕਿਸਾਨਾਂ ਦੀ ਮਦਦ ‘ਤੇ ਖਰਚ ਹੋਣਾ ਚਾਹੀਦਾ ਸੀ, ਪਰ ਇਸ ਨੂੰ ਅਰਵਿੰਦ ਕੇਜਰੀਵਾਲ ਦੀ ਨਿੱਜੀ ਸੁਰੱਖਿਆ, ਪ੍ਰਾਈਵੇਟ ਜੈੱਟ ਅਤੇ ਦੱਖਣੀ ਰਾਜਾਂ ਦੇ ਅਖਬਾਰਾਂ ਵਿੱਚ ਇਸ਼ਤਿਹਾਰਬਾਜ਼ੀ ‘ਤੇ ਬਰਬਾਦ ਕੀਤਾ ਗਿਆ। ਕੰਟਰੋਲਰ ਐਂਡ ਆਡੀਟਰ ਜਨਰਲ (CAG) ਨੇ ਪਹਿਲਾਂ ਹੀ ਇਹ ਗ਼ੈਰ-ਕਾਨੂੰਨੀ ਖਰਚੇ ਦਰਜ ਕੀਤੇ ਸਨ, ਪਰ ਪੰਜਾਬ ਸਰਕਾਰ ਕੋਈ ਹਿਸਾਬ ਪੇਸ਼ ਨਹੀਂ ਕਰ ਸਕੀ। ਉਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ₹1,600 ਕਰੋੜ ਦਾ ਖ਼ਾਸ ਪੈਕੇਜ ਐਲਾਨਿਆ ਸੀ ਅਤੇ ਉਸ ਵਿੱਚੋਂ ₹805 ਕਰੋੜ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ, ਪਰ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਕੇਂਦਰ ਨੂੰ ਦੋਸ਼ੀ ਠਹਿਰਾ ਰਹੀ ਹੈ। ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਕੋਲ ਕਾਫ਼ੀ ਫੰਡ ਸੀ, ਪਰ ਉਸ ਨੂੰ ਫ਼ਜ਼ੂਲਖਰਚੀਆਂ ਅਤੇ ਭ੍ਰਿਸ਼ਟਾਚਾਰ ਵਿੱਚ ਲੁੱਟਿਆ ਗਿਆ। ਅੱਜ ਜਦੋਂ ਕਿਸਾਨਾਂ ਨੂੰ ਮੁਆਵਜ਼ੇ ਦੀ ਲੋੜ ਹੈ, ਤਾਂ ਸਰਕਾਰ ਕੋਲ ਦੇਣ ਲਈ ਪੈਸਾ ਨਹੀਂ। ਚੁੱਘ ਨੇ ਸਖ਼ਤੀ ਨਾਲ ਕਿਹਾ ਕਿ ਇਹ ਸਿਰਫ਼ ਵਿੱਤੀ ਗੜਬੜ ਨਹੀਂ, ਸਗੋਂ ਪੰਜਾਬ ਦੀ ਜਨਤਾ ਨਾਲ ਵੱਡਾ ਧੋਖਾ ਹੈ। ਭਾਜਪਾ ਇਸ ਭ੍ਰਿਸ਼ਟਾਚਾਰ, ਗੈਰ-ਜ਼ਿੰਮੇਵਾਰੀ ਅਤੇ ਕਿਸਾਨਾਂ ਨਾਲ ਕੀਤੇ ਅਪਰਾਧ ਦੇ ਵਿਰੁੱਧ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਉਂਦੀ ਰਹੇਗੀ।
Comments
Post a Comment