ਜਨਤਾ ਦੇ ਹੱਕ ਦੀ ਲੜਾਈ ‘ਚ ਸੀਐਮ ਭਗਵੰਤ ਮਾਨ ਤੋਂ ਨਿਆਂ ਦੀ ਉਮੀਦ : ਗੁਰਮਿਤ ਸਿੰਘ ਬਬਲੂ
ਅੰਮ੍ਰਿਤਸਰ ਸਮਾਰਟ ਸਿਟੀ ‘ਚ ₹583 ਕਰੋੜ ਦੇ ਘੋਟਾਲੇ ਦੀ ਜਾਂਚ ਦੀ ਮੰਗ - ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਦਾ ਵੱਡਾ ਖੁਲਾਸਾ
ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਅੰਮ੍ਰਿਤਸਰ ਦੇ ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ‘ਚ ਹੋਏ ਕਥਿਤ ₹583 ਕਰੋੜ ਦੇ ਘੋਟਾਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ। ਬਬਲੂ ਨੇ ਇਸ ਸਬੰਧੀ 10 ਅਕਤੂਬਰ 2025 ਨੂੰ ਕੰਟਰੋਲਰ ਐਂਡ ਆਡੀਟਰ ਜਨਰਲ (CAG) ਨੂੰ ਵੀ ਵਿਸਥਾਰਪੂਰਵਕ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਬਲੂ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ECHS ਅਤੇ NDPS ਵਰਗੇ ਕਈ ਵੱਡੇ ਘੋਟਾਲਿਆਂ ਨੂੰ ਬੇਨਕਾਬ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਕਰੋੜਾਂ ਰੁਪਏ ਦੇ ਟੈਂਡਰ ਲਗਾਤਾਰ ਇੱਕ ਹੀ ਕੰਪਨੀ - ਸ਼ਰਮਾ ਕੰਸਟ੍ਰਕਸ਼ਨ ਨੂੰ ਦਿੱਤੇ ਜਾ ਰਹੇ ਹਨ, ਜਿਸ ਨਾਲ ਕੁਝ ਬਿਊਰੋਕ੍ਰੈਟਸ ਨੂੰ ਗੈਰਕਾਨੂੰਨੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ; ਜਦਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਰਾਬ ਹੈ ਅਤੇ ਜਾਹਿਰ ਹੈ ਕਿ ਕਰੋੜਾਂ ਤਾਂ ਦੂਰ ਦੀ ਗੱਲ, ਕੁਝ ਲੱਖ ਵੀ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਨਹੀਂ ਖਰਚੇ ਗਏ। ਬਬਲੂ ਨੇ ਦਾਅਵਾ ਕੀਤਾ ਕਿ 2022 ਤੋਂ 2025 ਤੱਕ 393 ਕਰੋੜ ਰੁਪਏ ਜਾਰੀ ਹੋਣ ਦੇ ਬਾਵਜੂਦ ਨਾ ਤਾਂ ਸ਼ਹਿਰ ਦੀਆਂ ਗਲੀਆਂ ‘ਚ ਤਾਰਕੋਲ ਪਾਇਆ ਗਿਆ ਹੈ ਅਤੇ ਨਾ ਹੀ ਕੋਈ ਕੰਸਟਰਕਸ਼ਨ ਕੰਮ ਪੂਰਾ ਹੋਇਆ ਹੈ। ਉਨ੍ਹਾਂ ਨੇ ਦੋ ਬਿਊਰੋਕ੍ਰੈਟਸ - ਸੰਦੀਪ ਰਿਸ਼ੀ ਅਤੇ ਹਰਪ੍ਰੀਤ ਸਿੰਘ - ‘ਤੇ ਗੰਭੀਰ ਦੋਸ਼ ਲਗਾਏ ਕਿ ਉਹ ਜਨਤਾ ਦੇ ਪੈਸੇ ਦਾ ਗਲਤ ਇਸਤੇਮਾਲ ਕਰ ਰਹੇ ਹਨ। ਬਬਲੂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਉਨ੍ਹਾਂ ਨੂੰ ਇੱਕ IAS ਅਧਿਕਾਰੀ ਦੇ ਵਕੀਲ ਵੱਲੋਂ ₹5 ਕਰੋੜ ਦਾ ਲੀਗਲ ਨੋਟਿਸ ਭੇਜਿਆ ਗਿਆ, ਜਿਸ ਦਾ ਉਨ੍ਹਾਂ ਨੇ ਪੂਰਾ ਤੇ ਕਾਨੂੰਨੀ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਵਿਰੋਧੀ ਰੁਖ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਜਾਣੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੀਐਮ ਇਸ ਮਾਮਲੇ ਵਿੱਚ ਨਿਸ਼ਪੱਖ ਜਾਂਚ ਦੇ ਆਦੇਸ਼ ਜ਼ਰੂਰ ਦੇਣਗੇ। ਜੇ ਸਰਕਾਰ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਬਬਲੂ ਨੇ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਸੜਕਾਂ ‘ਤੇ ਆੰਦੋਲਨ ਸ਼ੁਰੂ ਕਰਨਗੇ ਜਾਂ ਫਿਰ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਰਿਟ ਪਟੀਸ਼ਨ ਦਾਇਰ ਕਰਨਗੇ।
Comments
Post a Comment