ਆਧੁਨਿਕ ਫ਼ਲ ਤੇ ਸਬਜ਼ੀ ਮੰਡੀ ਵੇਚਣ ਵਾਲੇ ਇਰਾਦੇ,ਕਿਸਾਨਾਂ ਨਾਲ ਵੱਡਾ ਧੋਖਾ : ਇਕਬਾਲ ਸਿੰਘ
ਇਸ ਧੋਖੇ ਖਿਲਾਫ ਕਿਸਾਨਾਂ, ਵਾਪਰੀਆਂ ਅਤੇ ਆੜਤੀਆਂ ਨੂੰ ਲਾਮਬੰਦ ਹੋਣ ਦੀ ਲੋੜ
ਐਸ.ਏ.ਐਸ,ਨਗਰ 2 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਬੁਲਾਰੇ ਇਕਬਾਲ ਸਿੰਘ ਨੇ ਐਸ.ਏ.ਐਸ,ਨਗਰ (ਮੁਹਾਲੀ) ਦੇ ਸੈਕਟਰ 65 ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਪੁੱਡਾ ਨੂੰ ਵੇਚਣ ਦਾ ਸਖ਼ਤ ਵਿਰੋਧ ਕੀਤਾ ਹੈ। ਓਹਨਾ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਦੀ ਭਲਾਈ ਲਈ ਬਣਾਈ ਗਈ ਸੰਸਥਾ ਦੀ ਜ਼ਮੀਨ ਨੂੰ ਰਿਹਾਇਸ਼ੀ ਜਾਂ ਵਪਾਰਕ ਲਾਭ ਲਈ ਵੇਚਣਾ ਕਿਸਾਨ ਵਿਰੋਧੀ ਕਦਮ ਹੈ, ਜਿਸਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਕਬਾਲ ਸਿੰਘ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਚੋਰ ਮੋਰੀ ਰਾਹੀਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ "ਕਿਸਾਨਾਂ ਲਈ ਨਿਰਧਾਰਤ ਜ਼ਮੀਨਾਂ ਨੂੰ ਵੇਚਣਾ, ਸਰਕਾਰ ਦੀਆਂ ਨਾਕਾਮੀਆ ਅਤੇ ਭ੍ਰਿਸ਼ਟ ਨੀਤੀਆਂ ਦਾ ਸਬੂਤ ਹੈ।" ਇਕਬਾਲ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਦੀ ਬਹੁ ਕਰੋੜੀ ਜ਼ਮੀਨ ਦੀ ਇਸ ਤਰ੍ਹਾਂ ਹੋ ਰਹੀ ਵਿਕਰੀ ਦਾ ਵਿਰੋਧ ਹਰ ਪੱਧਰ ਤੇ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਜੇਕਰ ਸੰਘਰਸ਼ ਵੀ ਕਰਨਾ ਪਿਆ ਤਾਂ ਉਸ ਤੋ ਵੀ ਪਿੱਛੇ ਨਹੀਂ ਹਟਿਆ ਜਾਵੇਗਾ। ਇਕਬਾਲ ਸਿੰਘ ਨੇ ਕਿਸਾਨਾਂ, ਵਪਾਰੀਆਂ ਅਤੇ ਆੜਤੀਆਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਕਿਸਾਨ, ਵਪਾਰੀ ਦੇ ਹੱਕਾਂ ਤੇ ਪੈਣ ਵਾਲੇ ਡਾਕੇ ਦੇ ਖਿਲਾਫ ਲਾਮਬੰਦੀ ਕੀਤੀ ਜਾਵੇ। ਇਕਬਾਲ ਸਿੰਘ ਨੇ ਕਿਹਾ ਕਿ, ਹਰ ਫਰੰਟ ਦੇ ਫੇਲ ਹੋਈ ਪੰਜਾਬ ਸਰਕਾਰ ਹੁਣ ਖਾਲੀ ਹੋਏ ਖਜਾਨੇ ਨੂੰ ਭਰਨ ਲਈ ਆਧੁਨਿਕ ਮੰਡੀ ਨੂੰ ਵੇਚਣ ਦਾ ਇਰਾਦਾ ਕਰ ਚੁੱਕੀ ਹੈ।
Comments
Post a Comment