ਇੰਡੀਅਨ ਯੂਨੀਅਨ ਮੁਸਲਿਮ ਯੂਥ ਲੀਗ ਕਨਵੈਨਸ਼ਨ
ਵੜਿੰਗ ਨੇ ਫੁੱਟ ਪਾਊ ਤਾਕਤਾਂ ਵਿਰੁੱਧ ਚੇਤਾਵਨੀ ਦਿੱਤੀ
ਕਿਹਾ: ਭਾਰਤ ਦੀ ਵਿਭਿੰਨਤਾ ਵਿਚ ਇਸਦੀ ਤਾਕਤ ਹੈ
ਚੰਡੀਗੜ੍ਹ 14 ਅਕਤੂਬਰ ( ਰਣਜੀਤ ਧਾਲੀਵਾਲ ) : ਦੇਸ਼ ਵਿੱਚ ਫਿਰਕੂ ਅਤੇ ਫੁੱਟ ਪਾਊ ਤਾਕਤਾਂ ਦੇ ਉਭਾਰ ਵਿਰੁੱਧ ਚੇਤਾਵਨੀ ਦਿੰਦੇ ਹੋਏ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਭਾਰਤ ਦੀ ਤਾਕਤ ਇਸਦੀ ਵਿਭਿੰਨਤਾ ਵਿੱਚ ਹੈ ਅਤੇ ਇਸਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਨੂੰ ਕਮਜ਼ੋਰ ਕਰੇਗੀ। ਅੱਜ ਆਗਰਾ ਵਿੱਚ 'ਮੇਰੀ ਪਛਾਣ, ਮੇਰਾ ਮਾਣ' ਵਿਸ਼ੇ 'ਤੇ ਇੰਡੀਅਨ ਯੂਨੀਅਨ ਮੁਸਲਿਮ ਯੂਥ ਲੀਗ ਦੇ ਡੈਲੀਗੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕਿਸੇ ਖਾਸ ਦਾ ਨਹੀਂ ਹੈ, ਸਗੋਂ ਇਹ ਦੇਸ਼ ਵਿੱਚ ਰਹਿਣ ਵਾਲੇ ਹਰੇਕ ਨਾਗਰਿਕ ਦਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਛਾਣ ਬਾਰੇ ਮਾਣ ਦੀ ਭਾਵਨਾ ਪ੍ਰਗਟ ਕਰਨ ਲਈ ਇੰਡੀਅਨ ਯੂਨੀਅਨ ਮੁਸਲਿਮ ਯੂਥ ਲੀਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇਸ ਦੇਸ਼ ਦੀ ਵਿਭਿੰਨਤਾ ਦੀ ਸੁੰਦਰਤਾ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਫਿਰ ਭਾਵੇਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਾਂ ਹੋਰ, ਉਹ ਆਪਣੀ ਵੱਖਰੀ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਵੀ ਭਾਰਤੀਯ ਹਨ। ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਕੁਝ ਤਾਕਤਾਂ ਅਜੇ ਵੀ ਮਨੂ ਸਮ੍ਰਿਤੀ ਥੋਪਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਡਾ. ਬੀ. ਆਰ. ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਸਵੀਕਾਰ ਨਹੀਂ ਕਰ ਰਹੀਆਂ ਹਨ, ਜੋ ਸੱਭ ਲਈ ਸਮਾਨਤਾ ਦਾ ਪ੍ਰਚਾਰ ਕਰਦਾ ਹੈ ਅਤੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ। ਵੜਿੰਗ ਨੇ ਕਿਹਾ ਕਿ ਲੋਕਾਂ ਵਿੱਚ ਆਪਣੀ ਵਿਅਕਤੀਗਤ ਪਛਾਣ ਦਾ ਦਾਅਵਾ ਕਰਨ ਅਤੇ ਉਸਨੂੰ ਪ੍ਰਗਟ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ, ਕਿਉਂਕਿ ਅਸੀਂ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋ ਸਕਦੇ ਹਾਂ, ਵੱਖ-ਵੱਖ ਧਰਮਾਂ ਦਾ ਪਾਲਣ ਕਰਦੇ ਹਾਂ, ਪਰ ਇਸ ਸਭ ਤੋਂ ਵੱਧ ਕੇ ਅਸੀਂ ਇਨਸਾਨ ਅਤੇ ਭਾਰਤੀਯ ਵੀ ਹਾਂ। ਇਸ ਮੌਕੇ ਉਨ੍ਹਾਂ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦਾ ਇੱਕੋ ਇੱਕ ਏਜੰਡਾ ਕਿਸੇ ਵੀ ਤਰੀਕੇ ਨਾਲ ਸੱਤਾ ਨਾਲ ਜੁੜੇ ਰਹਿਣਾ ਹੈ। ਪਹਿਲਾਂ ਇਨ੍ਹਾਂ ਨੇ ਲੋਕਾਂ ਦਾ ਧਰੁਵੀਕਰਨ ਕੀਤਾ ਅਤੇ ਉਨ੍ਹਾਂ ਨੂੰ ਇੱਕ ਦੂਜੇ ਵਿਰੁੱਧ ਲੜਾਇਆ ਅਤੇ ਜਦੋਂ ਇਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਹੁਣ ਕੰਮ ਨਹੀਂ ਕਰੇਗਾ, ਤਾਂ ਇਨ੍ਹਾਂ ਨੇ ਵੋਟ ਚੋਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਕ ਇਨਸਾਨ ਹੋਣ ਦੇ ਨਾਤੇ ਅਤੇ ਭਾਰਤੀਯ ਹੋਣ ਦੇ ਨਾਤੇ ਕੋਈ ਵੀ ਤਾਕਤ ਸਾਨੂੰ ਵੰਡ ਨਹੀਂ ਸਕਦੀ ਹੈ।
Comments
Post a Comment