ਹਰਿਆਣਾ ਦੇ ਆਈਪੀਐਸ ਅਫਸਰ ਵੱਲੋਂ ਖੁਦਕੁਸ਼ੀ ਦਾ ਮਾਮਲਾ
ਪੰਜਾਬ ਕਾਂਗਰਸ ਨੇ ਸੁਸਾਇਡ ਨੋਟ ਵਿੱਚ ਦਰਜ ਨਾਮਾਂ ਵਾਲੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ
ਕਾਂਗਰਸ ਪੰਜਾਬ ਭਰ ਵਿੱਚ ਸੂਬਾ ਪੱਧਰੀ ਕੈਂਡਲ ਮਾਰਚ ਕੱਢੇਗੀ
ਡੀਜੀਪੀ ਨੂੰ ਹਟਾਓ, ਹੱਥਕੜੀ ਲਗਾਓ ਅਤੇ ਜੇਲ੍ਹ ਭੇਜੋ: ਚੰਨੀ
ਆਰਐਸਐਸ ਮਨੁਸਮ੍ਰਿਤੀ ਨੂੰ ਆਪਣਾ ਸੰਵਿਧਾਨ ਮੰਨਦਾ ਹੈ : ਵੜਿੰਗ
ਚੰਡੀਗੜ੍ਹ 12 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਨੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਵਲੋਂ ਖੁਦਕੁਸ਼ੀ ਨੋਟ ਵਿੱਚ ਨਾਮ ਦਰਜ ਹੋਣ ਕਾਰਨ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਤੁਰੰਤ ਹਟਾਉਣ ਅਤੇ ਗਿਰਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਅੱਜ ਇੱਥੇ ਪਾਰਟੀ ਦੇ ਸੂਬਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਕੱਤਰ ਇੰਚਾਰਜ ਪੰਜਾਬ ਰਵਿੰਦਰ ਦਲਵੀ, ਏਆਈਸੀਸੀ ਸਕੱਤਰ ਸੁਖਿਨਵਰ ਡੈਨੀ ਅਤੇ ਪ੍ਰਦੇਸ਼ ਕਾਂਗਰਸ ਦੇ ਐਸਸੀ ਵਿਭਾਗ ਦੇ ਚੇਅਰਮੈਨ ਕੁਲਦੀਪ ਵੈਦ ਨੇ ਕਿਹਾ ਕਿ ਏਡੀਜੀਪੀ ਕੁਮਾਰ ਭਾਜਪਾ ਵਲੋਂ ਅਪਣਾਈ ਜਾ ਰਹੀ ਨੀਤੀ ਦਾ ਸ਼ਿਕਾਰ ਹੋਏ ਹਨ, ਜਿਹੜੀ ਦਲਿਤਾਂ, ਪਿਛੜੇ ਲੋਕਾਂ, ਕਿਸਾਨਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਚਰਨਜੀਤ ਸਿੰਘ ਚੰਨੀ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਇਸ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਦੀ ਆਲੋਚਨਾ ਕਰਦਿਆਂ, ਕਿਹਾ ਕਿ ਆਮ ਤੌਰ 'ਤੇ ਅਜਿਹੇ ਮਾਮਲਿਆਂ ਵਿੱਚ ਸੁਸਾਈਡ ਨੋਟ ਵਿੱਚ ਦਰਜ ਸਾਰੇ ਨਾਮਾਂ ਉਪਰ ਕੇਸ ਦਰਜ ਹੁੰਦਾ ਹੈ। ਲੇਕਿਨ ਚੰਡੀਗੜ੍ਹ ਪੁਲਿਸ, ਜਿਹੜੀ ਸਿੱਧੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਹੈ, ਨੇ ਸਾਰੇ ਦੋਸ਼ੀਆਂ ਦੇ ਨਾਮ ਨਹੀਂ ਲਏ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਡੀਜੀਪੀ ਨੂੰ ਹਟਾਓ, ਉਸਨੂੰ ਹੱਥਕੜੀ ਲਗਾਓ ਅਤੇ ਸਲਾਖਾਂ ਪਿੱਛੇ ਸੁੱਟੋ। ਜੇਕਰ ਇੱਕ ਦਲਿਤ ਆਈਪੀਐਸ ਅਧਿਕਾਰੀ ਨੂੰ ਇਨਸਾਫ਼ ਨਹੀਂ ਮਿਲ ਸਕਦਾ, ਤਾਂ ਫਿਰ ਆਮ ਦਲਿਤਾਂ ਦੀ ਦੁਰਦਸ਼ਾ ਕੀ ਹੋਵੇਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਵੱਖਰਾ ਮਾਮਲਾ ਨਹੀਂ ਹੈ, ਕਿਉਂਕਿ ਭਾਜਪਾ ਦੇ ਸ਼ਾਸਨ ਵਿਚ ਦਲਿਤਾਂ ਉਪਰ ਯੋਜਨਾਬੱਧ ਅਤੇ ਸੰਗਠਿਤ ਅਤਿਆਚਾਰ ਹੋ ਰਿਹਾ ਹੈ, ਜਿਹੜੇ ਮਨੁਸਮ੍ਰਿਤੀ ਤੋਂ ਪ੍ਰੇਰਨਾ ਲੈਂਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਕਿਵੇਂ ਇੱਕ ਵਕੀਲ ਨੇ ਭਾਰਤ ਦੇ ਚੀਫ਼ ਜਸਟਿਸ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਕਿਵੇਂ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਨੌਜਵਾਨ ਹਰੀ ਓਮ ਬਾਲਮੀਕੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਿਵੇਂ ਕੇਂਦਰੀ ਗ੍ਰਹਿ ਮੰਤਰੀ ਨੇ ਸੰਸਦ ਦੇ ਅੰਦਰ ਡਾ. ਬੀ.ਆਰ. ਅੰਬੇਡਕਰ ਦਾ ਮਜ਼ਾਕ ਉਡਾਇਆ ਸੀ, ਜਿਹੜੀ ਦਲਿਤਾਂ ਅਤੇ ਡਾ. ਅੰਬੇਡਕਰ ਪ੍ਰਤੀ ਭਾਜਪਾ ਦੀ ਸੋਚ ਨੂੰ ਦਰਸਾਉਂਦਾ ਹੈ। ਇਸ ਮੌਕੇ ਬੋਲਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਮਨੂਵਾਦੀ ਤਾਕਤਾਂ ਦੀਆਂ ਨੀਤੀਆਂ ਦਾ ਨਤੀਜਾ ਹੈ, ਜੋ ਚੀਜ਼ਾਂ 'ਤੇ ਕਾਬੂ ਰੱਖਦੀਆਂ ਸਨ। ਉਨ੍ਹਾਂ ਕਿਹਾ ਕਿ ਆਰਐਸਐਸ ਮਨੂਸਮ੍ਰਿਤੀ ਨੂੰ ਆਪਣਾ ਸੰਵਿਧਾਨ ਮੰਨਦੀ ਹੈ। ਜਦੋਂ ਕਿ ਭਾਜਪਾ ਆਗੂ ਸਿਰਫ਼ ਇਸ ਲਈ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰ ਰਹੇ ਹਨ, ਕਿਉਂਕਿ ਉਹ ਦਲਿਤਾਂ ਦੀ ਪ੍ਰਤੀਕਿਰਿਆ ਤੋਂ ਡਰਦੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਭਾਜਪਾ ਚੋਣਾਂ ਜਿੱਤਣ ਲਈ ਲੋਕਾਂ ਦਾ ਫਿਰਕੂ ਅਤੇ ਜਾਤੀਗਤ ਲੀਹਾਂ 'ਤੇ ਧਰੁਵੀਕਰਨ ਕਰਨ ਲਈ ਜਾਣਬੁੱਝ ਕੇ ਅਜਿਹੇ ਕੰਮ ਕਰਵਾ ਰਹੀ ਹੈ। ਕਿਉਂਕਿ ਭਾਜਪਾ ਸਾਰੇ ਮੋਰਚਿਆਂ 'ਤੇ ਅਸਫਲ ਰਹੀ ਹੈ, ਇਸ ਲਈ ਇਹ ਧਰੁਵੀਕਰਨ ਜਾਂ ਵੋਟ ਚੋਰੀ ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਲਈ ਜਾਣਬੁੱਝ ਕੇ ਸਾਜ਼ਿਸ਼ ਰਚੇ ਜਾਣ ਦਾ ਵੀ ਸ਼ੱਕ ਜਤਾਇਆ ਅਤੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਕਿਵੇਂ 26 ਜਨਵਰੀ, 2025 ਨੂੰ ਡਾ. ਅੰਬੇਡਕਰ ਦੇ ਬੁੱਤ ਦੀ ਜਾਣਬੁੱਝ ਕੇ ਉਨ੍ਹਾਂ ਦਾ ਨਿਰਾਦਰ ਕਰਨ ਲਈ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਅਜਿਹੀਆਂ ਵੰਡ ਪਾਊ ਤਾਕਤਾਂ ਨੂੰ ਲੋਕਾਂ ਨੂੰ ਵੰਡਣ ਜਾਂ ਦੇਸ਼ ਨੂੰ ਵੰਡਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਵਾਈ ਰਾਜੇਸ਼ ਕੁਮਾਰ ਦੀ ਯਾਦ ਵਿੱਚ ਕੱਲ੍ਹ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕੈਂਡਲ ਮਾਰਚ ਕਰੇਗੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰੇਗੀ। ਜਦਕਿ ਏਆਈਸੀਸੀ ਸਕੱਤਰ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਅਤੇ ਪੰਜਾਬ ਵਿੱਚ 'ਆਪ' ਸਰਕਾਰ ਦੋਵੇਂ ਦਲਿਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
Comments
Post a Comment