ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਕੇਂਦਰ ਸਰਕਾਰ ਵੱਲੋ ਇਜਾਜ਼ਤ ਦੇਣੀ ਸਲਾਘਾਯੋਗ ਕਦਮ : ਕਰਨੈਲ ਸਿੰਘ ਪੀਰ ਮੁਹੰਮਦ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉੱਚ ਪੱਧਰੀ ਵਫ਼ਦ ਨੇ ਬੀਤੇ ਦਿਨ ਪੰਜਾਬ ਰਾਜਪਾਲ ਅੱਗੇ ਚੁੱਕੀ ਸੀ ਮੰਗ
ਮੱਖੂ/ਚੰਡੀਗੜ੍ਹ 2 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਗੁਰ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਇਜਾਜਤ ਮਿਲੇ। ਬੀਤੇ ਦਿਨ ਵੀ ਪਾਰਟੀ ਵਫ਼ਦ ਵੱਲੋ ਪੰਜਾਬ ਰਾਜਪਾਲ ਨੂੰ ਇਸ ਸਬੰਧੀ ਮੈਮੋਰੰਡਮ ਦਿੱਤਾ ਗਿਆ ਸੀ। ਪਾਰਟੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਸਿੱਖ ਭਾਵਨਾਵਾਂ ਦੇ ਸਤਿਕਾਰ ਰੱਖਣ ਅਤੇ ਪੂਰਾ ਕਰਨ ਦੇ ਉਦੇਸ਼ ਲਈ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਇਜਾਜ਼ਤ ਸ਼ਲਾਘਾਯੋਗ ਕਦਮ ਹੈ। ਆਸ ਕਰਦੇ ਹਾਂ ਕਿ ਹੁਣ ਬਹੁਤ ਜਲਦੀ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿੱਚ ਵੀ ਕੇਂਦਰ ਸਰਕਾਰ ਵਾਲੇ ਪਾਸੇ ਤੋਂ ਠੰਡੀ ਹਵਾ ਦਾ ਬੁੱਲ੍ਹਾ ਆਵੇ। ਪੀਰ ਮੁਹੰਮਦ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਜਾਜ਼ਤ ਮਿਲਣ ਤੋਂ ਬਾਅਦ ਹੁਣ, ਸ਼ਰਧਾਲੂ ਗੁਰ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾ ਸਕਣਗੇ। ਪੀਰ ਮੁਹੰਮਦ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ, ਇਸ ਇਜਾਜ਼ਤ ਤੋ ਬਾਅਦ ਕੇਂਦਰ ਸਰਕਾਰ ਇਹ ਵੀ ਯਕੀਨੀ ਬਣਾਵੇ ਕਿ ਦਸਤਾਵੇਜ਼ੀ ਪ੍ਰਕਿਰਿਆ ਵਿੱਚ ਕਿਸੇ ਤਰਾਂ ਦੀ ਕੋਈ ਦਿੱਕਤ ਨਾ ਆਵੇ। ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਜਾ ਰਹੀ ਸੰਗਤ ਨਾਲ ਪੂਰਾ ਸਹਿਯੋਗ ਕੀਤਾ ਜਾਵੇ।
Comments
Post a Comment