ਪੰਜਾਬ ਦੀ ਰਾਜਨੀਤੀ ਅਤੇ ਪੁਲਿਸ ਦੀ ਸਾਂਠ–ਗਾਂਠ ਤੋਂ ਪੀੜਤ ਸਮਾਜਸੇਵੀ ਨੇ ਆਪਣੀ ਜਾਨ ਦੀ ਸੁਰੱਖਿਆ ਲਈ ਮੁੱਖ ਮੰਤਰੀ ਤੋਂ ਲਗਾਈ ਗੁਹਾਰ
ਪੰਜਾਬ ਦੀ ਰਾਜਨੀਤੀ ਅਤੇ ਪੁਲਿਸ ਦੀ ਸਾਂਠ–ਗਾਂਠ ਤੋਂ ਪੀੜਤ ਸਮਾਜਸੇਵੀ ਨੇ ਆਪਣੀ ਜਾਨ ਦੀ ਸੁਰੱਖਿਆ ਲਈ ਮੁੱਖ ਮੰਤਰੀ ਤੋਂ ਲਗਾਈ ਗੁਹਾਰ
ਦੋ ਮਹੀਨੇ ਤੱਕ ਬਿਨਾ ਦੋਸ਼ ਸਲਾਖਾਂ ਪਿੱਛੇ ਰਹਿਣਾ ਪਿਆ ਸਮਾਜਸੇਵੀ ਨੂੰ
ਚੰਡੀਗੜ੍ਹ 19 ਨਵੰਬਰ ( ਰਣਜੀਤ ਧਾਲੀਵਾਲ ) : ਰਾਜਨੀਤਿਕ ਦਬਾਅ ਅਤੇ ਪੰਜਾਬ ਪੁਲਿਸ ਦੇ ਇੱਕ ਐਸ.ਐੱਚ.ਓ. ਦੀ ਮਿਲੀਭੁਗਤ ਕਾਰਨ ਆਪਣੇ ਖ਼ਿਲਾਫ਼ ਦੋ ਝੂਠੇ ਮਾਮਲੇ ਦਰਜ ਹੋਣ ਤੋਂ ਬਾਅਦ ਆਪਣੀ ਜਾਨ ਦੀ ਸੁਰੱਖਿਆ ਲਈ ਦਰ–ਦਰ ਭਟਕ ਰਹੇ ਘਨੌਰ ਨਿਵਾਸੀ ਐਨਜੀਓ (Ekam NGO) ਦੇ ਮੁੱਖ ਸੇਵਾਦਾਰ ਅਤੇ ਸਮਾਜਸੇਵੀ ਗੁਰਸੇਵਕ ਸਿੰਘ ਅੰਟਾਲ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਅੱਗੇ ਆਪਣੀ ਪੀੜਾ ਸਾਂਝੀ ਕੀਤੀ। ਅੰਟਾਲ ਨੇ ਦੋਸ਼ ਲਗਾਇਆ ਕਿ ਥਾਣਾ ਪ੍ਰਬੰਧਕ ਅਤੇ ਇੱਕ ਸਥਾਨਕ ਸਿਆਸਤਦਾਨ ਦੀ ਮਿਲੀਭੁਗਤ ਕਾਰਨ ਉਹਨਾਂ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਫਸਾਇਆ ਗਿਆ। ਉਹਨਾਂ ਨੇ ਦੱਸਿਆ ਕਿ ਉੱਚ ਅਦਾਲਤ ਦੀ ਹਦਾਇਤ ‘ਤੇ ਇਸ ਕੇਸ ਵਿੱਚ SIT ਤਿਆਰ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਡਿਪਾਰਟਮੈਂਟਲ ਕਾਰਵਾਈ ਕਰਦੇ ਹੋਏ ਸੰਬੰਧਿਤ ਐਸ.ਐੱਚ.ਓ. ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਹੈ। ਪਰ ਉਹਨਾਂ ਦੀ ਇਲਾਕੇ ਵਿੱਚ ਇਨ੍ਹੀ ਪਹੁੰਚ ਹੈ ਕਿ ਅੰਟਾਲ ਨੂੰ ਅਜੇ ਵੀ ਆਪਣੀ ਜਾਨ ਲਈ ਗੰਭੀਰ ਖ਼ਤਰਾ ਮਹਿਸੂਸ ਹੋ ਰਿਹਾ ਹੈ। ਅੰਟਾਲ ਅਨੁਸਾਰ, 6 ਸਤੰਬਰ ਨੂੰ ਥਾਣਾ ਸ਼ੰਭੂ (ਜ਼ਿਲ੍ਹਾ ਪਟਿਆਲਾ) ਵਿੱਚ ਦਰਜ ਕੀਤੀ ਗਈ FIR ਨੰਬਰ 98/6925 (ਸੈਕਸ਼ਨ 109, 304, 3(5), 25) ਪੂਰੀ ਤਰ੍ਹਾਂ ਝੂਠ ਅਤੇ ਹਕੀਕਤ ਤੋਂ ਵੱਖਰੀ ਹੈ, ਕਿਉਂਕਿ ਘਟਨਾ ਦੇ ਸਮੇਂ ਉਹ ਉਸ ਇਲਾਕੇ ਵਿੱਚ ਮੌਜੂਦ ਹੀ ਨਹੀਂ ਸਨ। ਉਹਨਾਂ ਦਾ ਦਾਅਵਾ ਹੈ ਕਿ ਰਾਹ ਵਿੱਚ ਉਹਨਾਂ ਨੂੰ ਘੇਰ ਕੇ ਸਾਜ਼ਿਸ਼ ਤਹਿਤ ਫਸਾਇਆ ਗਿਆ। ਆਪਣੀ ਜਾਨ ਦੀ ਸੁਰੱਖਿਆ ਲਈ ਕਈ ਉੱਚ ਪੁਲਿਸ ਅਧਿਕਾਰੀਆਂ ਕੋਲ ਅਰਜ਼ੀਆਂ ਦੇਣ ਦੇ ਬਾਅਦ ਹੁਣ ਅੰਟਾਲ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦਾ ਰੁਖ ਕੀਤਾ ਹੈ ਅਤੇ ਨਿਆਂ ਦੀ ਮੰਗ ਕੀਤੀ ਹੈ।

Comments
Post a Comment