ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਵਿੱਚ 3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਸ਼ਨ ਦਿੱਤੇ ਜਾਣ ਦੀ ਕੀਤੀ ਮੰਗ
ਲੋਕ ਸਭਾ ਵਿੱਚ ਚੁੱਕਿਆ ਪੰਜਾਬ ਤੇ ਹਰਿਆਣਾ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਘੱਟ ਬੁਢਾਪਾ ਪੈਨਸ਼ਨ ਮਿਲਣ ਦਾ ਮੁੱਦਾ
ਚੰਡੀਗੜ੍ਹ 16 ਦਸੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਗੁਆਂਢੀ ਸੂਬਿਆ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਿਲਣ ਵਾਲੀ ਬਹੁਤ ਹੀ ਘੱਟ ਬੁਢਾਪਾ ਪੈਨਸ਼ਨ ਦਾ ਮੁੱਦਾ ਚੁੱਕਿਆ ਹੈ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਚੰਡੀਗੜ੍ਹ ਵਿੱਚ 1000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ। ਤਿਵਾੜੀ ਨੇ ਖੁਲਾਸਾ ਕੀਤਾ ਕਿ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਅਤੇ ਹਰਿਆਣਾ ਵਿੱਚ ਕਰਮਵਾਰ 1500-2000 ਰੁਪਏ ਪ੍ਰਤੀ ਮਹੀਨਾ ਅਤੇ 3000 ਰੁਪਏ ਪ੍ਰਤੀ ਬੁਢਾਪਾ ਪੈਨਸ਼ਨ ਮਿਲਦੀ ਹੈ। ਇਥੋਂ ਤੱਕ ਕਿ ਚੰਡੀਗੜ੍ਹ ਵਿੱਚ ਮਿਲਣ ਵਾਲੀ ਬੁਢਾਪਾ ਪੈਨਸ਼ਨ ਦੀ ਰਾਸ਼ੀ ਨੂੰ ਸਾਲ 2016 ਤੋਂ ਬਾਅਦ ਰਿਵਾਈਜ਼ ਨਹੀਂ ਕੀਤਾ ਗਿਆ। ਉਹਨਾਂ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਵਿੱਚ ਬੁਢਾਪਾ ਪੈਨਸ਼ਨ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਅਫਸੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਸ ਮੁੱਦੇ ਤੇ ਇੱਕ ਦੂਸਰੇ ਉੱਪਰ ਗੱਲ ਸੁੱਟ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਤਿਵਾੜੀ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲੇ ਦੇ ਰਾਜ ਮੰਤਰੀ ਬੀ.ਐਲ. ਵਰਮਾ ਨੇ ਉਲਟਾ ਚੰਡੀਗੜ੍ਹ ਪ੍ਰਸ਼ਾਸਨ ਉਪਰ ਗਲ ਸੁੱਟਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 60 ਤੋਂ ਲੈ ਕੇ 79 ਸਾਲ ਤੱਕ 200 ਰੁਪਏ ਅਤੇ 80 ਸਾਲ ਤੋਂ ਵੱਧ ਉਮਰ ਲਈ 500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਸ਼ਨ ਦਿੱਤੀ ਜਾਂਦੀ ਹੈ। ਜਦਕਿ ਬਾਕੀ ਦੀ ਰਕਮ ਸੂਬਾ ਸਰਕਾਰਾਂ ਆਪਣੇ ਵੱਲੋਂ ਜੋੜਦੀਆਂ ਹਨ। ਹਾਲਾਂਕਿ ਇਸ ਦੌਰਾਨ ਉਹ ਇਸ ਮਾਮਲੇ ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਨਾਲ ਜੁੜਿਆ ਵੀ ਦੱਸਦੇ ਰਹੇ।

Comments
Post a Comment