ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰਾਂ ਨਾਲ ਟਕਰਾਅ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਰਵੀਇੰਦਰ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰਾਂ ਨਾਲ ਟਕਰਾਅ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਰਵੀਇੰਦਰ ਸਿੰਘ
ਚੰਡੀਗੜ੍ਹ 25 ਦਸੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਸਰਕਾਰਾਂ ਨਾਲ ਟਕਰਾਅ ਵਿੱਚ ਪਾਉਣ ਜਾ ਰਹੀ ਹੈ, ਇਹ ਪੂਰੀ ਕੌਮ ਲਈ ਘਾਤਕ ਹੋਵੇਗਾ। ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਨਾ ਕਰਵਾ ਕੇ ਪਹਿਲਾਂ ਹੀ ਵੱਡਾ ਗੁਨਾਹ ਕਰ ਚੁੱਕੀ ਹੈ। ਰਵੀ ਇੰਦਰ ਸਿੰਘ ਨੇ ਇਤਿਹਾਸ ਫਰੋਲਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸੰਸਥਾ ਦਾ ਮੌਜੂਦਾ ਨਵਾਂ ਪ੍ਰਬੰਧ ਅਕਤੂਬਰ 1920 ਵਿੱਚ ਲਾਗੂ ਹੋਇਆ ਸੀ। ਜਿਸ ਦੀ ਤਸਦੀਕ ਨਵੰਬਰ ਮਹੀਨੇ ਵਿੱਚ ਸਰਬੱਤ ਖਾਲਸਾ ਸੱਦ ਕੇ ਕੀਤੀ ਗਈ ਸੀ।
ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੋਏ ਉਸ ਸਰਬਤ ਖਾਲਸਾ ਵਿੱਚ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਸੰਸਥਾਵਾਂ, ਸਕੂਲਾਂ-ਕਾਲਜਾਂ ਤੋਂ ਲੈ ਕੇ ਫੌਜੀ ਪਲਟਨਾਂ ਤੱਕ ਦੇ ਨੁਮਾਇੰਦੇ ਸ਼ਾਮਿਲ ਹੋਏ ਸਨ। ਉਸ ਸਰਬਤ ਖਾਲਸਾ ਸਮਾਗਮ ਵਿੱਚ ਹੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ। ਜਿਸ ਦਾ ਕੰਮ ਗੁਰੂਦੁਆਰਾ ਪ੍ਰਬੰਧ ਸੰਭਾਲਣ ਦੇ ਨਾਲ-ਨਾਲ ਗੁਰੂਦਵਾਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਕੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਸੀ। ਪਰ ਦੋ ਦਸੰਬਰ 2024 ਦੇ ਵਿੱਚ ਅਸੀਂ ਸਭ ਨੇ ਵੇਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਹੁਕਮਨਾਮੇ ਲਾਗੂ ਤਾਂ ਕੀ ਕਰਵਾਉਣੇ ਸਨ ਸਗੋਂ ਹੁਕਮਨਾਮੇ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਹੀ ਹਟਾ ਦਿੱਤਾ। ਹੁਣ ਵੀ ਜਦੋਂ 328 ਸਰੂਪਾਂ ਦੀ ਧਾਂਦਲੀ ਦਾ ਮਸਲਾ ਆਇਆ ਤਾਂ ਇਸ ਦਾ ਸਾਹਮਣਾ ਸ਼੍ਰੋਮਣੀ ਕਮੇਟੀ ਨੂੰ ਖੁਦ ਕਰਨਾ ਚਾਹੀਦਾ ਹੈ। ਨਾ ਕਿ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਾਉਣਾ ਚਾਹੀਦਾ ਹੈ।
ਰਵੀ ਇੰਦਰ ਸਿੰਘ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰੈਸ ਕਾਨਫਰੰਸ ਕਰਕੇ ਮੰਨ ਚੁੱਕੀ ਸੀ ਕਿ ਧਾਂਦਲੀ ਹੋਈ ਹੈ ਅਤੇ ਉਸ ਲਈ ਦੋਸ਼ੀਆਂ ਨੂੰ ਵਿਭਾਗੀ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਫਿਰ ਹੁਣ ਜੇ ਹਾਈਕੋਰਟ ਦੇ ਹੁਕਮਾਂ ਤੇ ਸਰਕਾਰ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਇਤਰਾਜ ਕਿਉਂ ਹੈ। ਜਦ ਕਿ ਜਿਨ੍ਹਾਂ ਖਿਲਾਫ ਪਰਚਾ ਦਰਜ ਹੋਇਆ ਹੈ, ਉਹ ਅਖਬਾਰਾਂ ਰਾਹੀਂ ਇਸ ਦਾ ਸਵਾਗਤ ਕਰ ਰਹੇ ਹਨ। ਇਹ ਵੀ ਵਰਨਣ ਯੋਗ ਹੈ ਕਿ ਸੰਗਤ ਦਾ ਇੱਕ ਵੱਡਾ ਹਿੱਸਾ ਪਿਛਲੇ ਪੰਜ ਸਾਲਾਂ ਤੋਂ ਪਰਚੇ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਜਿਸ ਦਾ ਸ਼੍ਰੋਮਣੀ ਕਮੇਟੀ ਨਾਲ ਅਤੇ ਫਿਰ ਸੰਗਰੂਰ ਵਿਖੇ ਸਰਕਾਰ ਨਾਲ ਟਕਰਾ ਵੀ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ ਉਹਨਾਂ ਲੋਕਾਂ ਨੂੰ ਟਾਸਕ ਫੋਰਸ ਤੋਂ ਕੁਟਵਾ ਕੇ ਪੱਗਾਂ ਲਹਾਉਣ ਦੀ ਬਜਾਏ ਉਦੋਂ ਅੰਦਰ ਬਿਠਾ ਕੇ ਕਿਉਂ ਨਾ ਸਮਝਾਇਆ ਕਿ ਅਸੀਂ ਵਿਭਾਗੀ ਕਾਰਵਾਈ ਕਰ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਰੀ ਕਾਰਜਕਾਰਨੀ ਨੂੰ ਤਨਖਾਹ ਲਾ ਚੁੱਕਿਆ ਹੈ। ਇਸ ਲਈ ਹੁਣ ਪੁਲਿਸ ਕੇਸ ਜਰੂਰੀ ਨਹੀਂ ਹੈ। ਸ਼ਰੋਮਣੀ ਕਮੇਟੀ ਦੁਆਰਾ ਆਪਣੇ ਖਿਲਾਫ ਕੌਮ ਵਿੱਚ ਉੱਠੇ ਇੰਨ੍ਹੇ ਵੱਡੇ ਵਿਰੋਧ ਨੂੰ ਅੱਖੋਂ ਪਰੋਖੇ ਕਰਨਾ ਸਾਬਤ ਕਰਦਾ ਹੈ ਕਿ ਘਪਲੇ ਬਹੁਤ ਵੱਡੇ ਹਨ। ਜਿਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਾ ਕੇ ਲੁਕਾਇਆ ਜਾ ਰਿਹਾ ਹੈ। ਸ ਰਵੀਇੰਦਰ ਸਿੰਘ ਨੇ ਬਿਆਨ ਦੇ ਆਖਿਰ ਵਿੱਚ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਹ ਵੱਡੇ ਗੁਨਾਹਾਂ ਨੂੰ ਲੁਕਾਉਣ ਲਈ ਦਖਲ ਅੰਦਾਜੀ ਵੀ ਬਹਾਨੇਬਾਜੀ ਹੈ। ਜਦ ਕਿ ਅਸਲ ਦਖਲ ਅੰਦਾਜੀ ਕਰਦਿਆਂ ਪੰਜਾਬ ਸਰਕਾਰ ਕਈ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਏਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਦਲਦੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸਰਕਾਰ ਆਪਣੇ ਆਪ 'ਤੇ ਪੰਥ ਹੋਣ ਦਾ ਟੈਗ ਲਗਾ ਲੈਂਦੀ ਸੀ।

Comments
Post a Comment