ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਅਤੇ ਤੁਰੰਤ ਰਿਹਾਈ ਦੀ ਮੰਗ
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਅਤੇ ਤੁਰੰਤ ਰਿਹਾਈ ਦੀ ਮੰਗ
ਚੰਡੀਗੜ੍ਹ 31 ਦਸੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਦੀ ਦਿੱਲੀ ਮੀਟਿੰਗ ਤੋਂ ਵਾਪਸ ਆਉਂਦਿਆਂ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਉਸਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਸ੍ਰੀ ਮਲੌਦ ਖਿਲਾਫ ਦਰਜ ਕੀਤੇ ਗਏ 11 ਸਾਲ ਪੁਰਾਣੇ ਨਾਜਾਇਜ਼ ਕੇਸ ਵਿੱਚ ਭਗੌੜਾ ਕਹਿ ਕੇ ਚੋਰਾਂ ਵਾਂਗ ਗ੍ਰਿਫਤਾਰ ਕਰਨਾ ਸਰਾਸਰ ਝੂਠਾ ਤੇ ਨਜਾਇਜ਼ ਹੈ, ਕਿਉਂਕਿ ਉਹ ਤਾਂ ਉਦੋਂ ਤੋਂ ਹੁਣ ਤੱਕ ਖੁਲ੍ਹੇਆਮ ਜਨਤਕ ਸਮਾਗਮਾਂ 'ਚ ਵਿਚਰਦੇ ਆ ਰਹੇ ਹਨ ਅਤੇ ਆਪਣੀ ਜੱਦੀ ਰਿਹਾਇਸ਼ 'ਤੇ ਵੀ ਰਹਿੰਦੇ ਰਹੇ ਹਨ। ਖਾਸ ਕਰਕੇ ਪੰਚਾਇਤੀ ਅਤੇ ਹੋਰ ਸਾਂਝੀਆਂ ਵਾਹੀਯੋਗ ਜ਼ਮੀਨਾਂ ਦਾ ਤੀਜਾ ਹਿੱਸਾ ਰਾਖਵਾਂ ਰੱਖਣ ਦੇ ਕਾਨੂੰਨੀ ਹੱਕ ਲਈ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਨੂੰ ਵੀ ਸਾਬਕਾ ਸਰਕਾਰਾਂ ਵਾਂਗ ਹੀ ਵਾਹੀਯੋਗ ਸਾਂਝੀ ਜ਼ਮੀਨ ਦਾ ਤੀਜਾ ਹਿੱਸਾ ਖੇਤ ਮਜ਼ਦੂਰਾਂ ਲਈ ਰਾਖਵੀਂ ਰੱਖਣ ਦੀ ਹੱਕੀ ਮੰਗ ਰੋੜ ਵਾਂਗੂੰ ਰੜਕ ਰਹੀ ਹੈ। ਇਸੇ ਰੜਕ ਕਾਰਨ ਕੀਤਾ ਗਿਆ ਮਾਨ ਸਰਕਾਰ ਦਾ ਇਹ ਚੋਰਾਂ ਵਾਲ਼ਾ ਕਾਰਾ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਮਜ਼ਦੂਰਾਂ ਕਿਸਾਨਾਂ ਪ੍ਰਤੀ ਦੁਸ਼ਮਣਾਨਾ ਵਤੀਰੇ ਦਾ ਸਬੂਤ ਹੈ। ਕਿਸਾਨ ਆਗੂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਜ਼ਦੂਰ ਆਗੂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਇਸ ਨਜਾਇਜ਼ ਗ੍ਰਿਫਤਾਰੀ ਵਿਰੁੱਧ ਕੀਤੇ ਜਾਣ ਵਾਲੇ ਜਨਤਕ ਸੰਘਰਸ਼ ਵਿੱਚ ਉਨ੍ਹਾਂ ਦੀ ਜਥੇਬੰਦੀ ਵੱਲੋਂ ਡਟਵਾਂ ਸਾਥ ਦਿੱਤਾ ਜਾਵੇਗਾ।

Comments
Post a Comment