ਗੁਰਮਤਿ ਸੰਗੀਤ ਸੋਸਾਇਟੀ ਦੇ ਬੈਨਰ ਹੇਠ ਪ੍ਰਾਚੀਨ ਕਲਾ ਕੇਂਦਰ ਵਿੱਚ ਹੋਵੇਗਾ ਦੋ-ਰੋਜ਼ਾ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ, ਰਜਿਸਟ੍ਰੇਸ਼ਨ ਸ਼ੁਰੂ
ਗੁਰਮਤਿ ਸੰਗੀਤ ਸੋਸਾਇਟੀ ਦੇ ਬੈਨਰ ਹੇਠ ਪ੍ਰਾਚੀਨ ਕਲਾ ਕੇਂਦਰ ਵਿੱਚ ਹੋਵੇਗਾ ਦੋ-ਰੋਜ਼ਾ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ, ਰਜਿਸਟ੍ਰੇਸ਼ਨ ਸ਼ੁਰੂ
ਮੁਕਾਬਲੇ ਵਿੱਚ ਜੇਤੂਆਂ ਨੂੰ ਮਿਲੇਗਾ ਨਗਦ ਇਨਾਮ : ਐਡਵੋਕੇਟ ਡਾ. ਮਲਕੀਤ ਸਿੰਘ ਜੰਡਿਆਲਾ
ਐਸ.ਏ.ਐਸ.ਨਗਰ 1 ਦਸੰਬਰ ( ਰਣਜੀਤ ਧਾਲ਼ੀਵਾਲ ) : ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੋਸਾਇਟੀ ਵੱਲੋਂ 12 ਅਤੇ 13 ਦਸੰਬਰ, 2025 ਨੂੰ ਗੁਰਦੁਆਰਾ, ਸ੍ਰੀ ਗੁਰੂ ਤੇਗ ਬਹਾਦਰ, ਸੈਕਟਰ 34, ਚੰਡੀਗੜ੍ਹ ਵਿਖੇ 13ਵੇਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੁਕਾਬਲੇ ਵਿੱਚ 6 ਤੋਂ 24 ਸਾਲ ਦੀ ਉਮਰ ਦੇ ਪ੍ਰਤੀਯੋਗੀ ਵੱਖ-ਵੱਖ ਸਮੂਹਾਂ ਜੂਨੀਅਰ ਅਤੇ ਸੀਨੀਅਰ ਵਿੱਚ ਭਾਗ ਲੈਣਗੇ, ਜੋ ਪੂਰੇ ਭਾਰਤ ਤੋਂ ਆ ਰਹੇ ਹਨ।ਮੁਕਾਬਲੇ ਵਿੱਚ ਪਹਿਲਾ ਨਕਦ ਇਨਾਮ 31000/- ਰੁਪਏ, ਦੂਜਾ ਨਕਦ ਇਨਾਮ 21000/- ਰੁਪਏ ਅਤੇ ਤੀਜਾ ਨਕਦ ਇਨਾਮ 11000/- ਰੁਪਏ ਸਿਰਫ਼ ਸੀਨੀਅਰ ਸਮੂਹ ਦੇ ਸ਼ਬਦ ਗਾਇਨ ਪ੍ਰਤੀਯੋਗੀਆਂ ਨੂੰ ਦਿੱਤਾ ਜਾਵੇਗਾ |ਵਿਅਕਤੀਗਤ ਸਮੂਹਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਇਨਾਮ ਦੇ ਨਾਲ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।ਇਸ ਮੁਕਾਬਲੇ ਵਿੱਚ 1 ਹਜ਼ਾਰ ਤੋਂ ਵੱਧ ਪ੍ਰਤੀਯੋਗੀਆਂ ਦੇ ਆਉਣ ਦੀ ਉਮੀਦ ਹੈ।ਉਪਰੋਕਤ ਜਾਣਕਾਰੀ ਗੁਰਮਤਿ ਸੰਗੀਤ ਸੋਸਾਇਟੀ ਚੰਡੀਗੜ੍ਹ ਦੇ ਸੰਸਥਾਪਕ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਡਾ. ਮਲਕੀਤ ਸਿੰਘ ਜੰਡਿਆਲਾ ਨੇ ਮੋਹਾਲੀ ਪ੍ਰੈਸ ਕਲੱਬ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿੱਚ ਸੰਗੀਤ ਦੀ ਸਿੱਖਿਆ ਦੇਣ ਵਾਲੇ ਗੁਰਸੇਵਕ ਸਿੰਘ ਮੌਜੂਦ ਰਹੇ। ਡਾ. ਮਲਕੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਮੁਕਾਬਲੇ ਦਾ ਮੁੱਖ ਉਦੇਸ਼ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚ ਦਰਜ ਰਾਗਾਂ 'ਤੇ ਅਧਾਰਤ ਗੁਰਮਤਿ ਸੰਗੀਤ ਦੀ ਸੱਚੀ ਪਰੰਪਰਾ ਨੂੰ ਨੌਜਵਾਨ ਪੀੜ੍ਹੀ ਦੇ ਮਾਧਿਅਮ ਰਾਹੀਂ ਉਤਸ਼ਾਹਿਤ ਕਰਨਾ ਅਤੇ ਸੰਭਾਲਣਾ ਹੈ।ਪ੍ਰਾਚੀਨ ਕਲਾ ਕੇਂਦਰ ਚਾਹਵਾਨ ਵਿਅਕਤੀਆਂ/ਪ੍ਰਤੀਯੋਗੀਆਂ ਨੂੰ ਚੰਡੀਗੜ੍ਹ ਵਿੱਚ ਗੁਰਮਤਿ ਸੰਗੀਤ ਦੀ ਮੁਫ਼ਤ ਸਿੱਖਿਆ ਅਤੇ ਸਿਖਲਾਈ ਵੀ ਪ੍ਰਦਾਨ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁਕਾਬਲੇ ਲਈ ਫਾਰਮ ਜਮ੍ਹਾ ਕਰਾਉਣ ਦੀ ਆਖਰੀ ਮਿਤੀ 11 ਦਸੰਬਰ 2025 ਨਿਰਧਾਰਤ ਕੀਤੀ ਗਈ ਹੈ, ਪਰ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਮੁਕਾਬਲੇ ਵਾਲੇ ਦਿਨ ਵੀ ਫਾਰਮ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕਾਬਲੇ ਦਾ ਸਮਾਂ ਸਵੇਰੇ 9:00 ਵਜੇ ਤੋਂ ਰਾਤ 8:00 ਵਜੇ ਤੱਕ ਹੋਵੇਗਾ, ਜਿਸ ਵਿੱਚ ਬਤੌਰ ਜੱਜ ਵਜੋਂ ਸੰਗੀਤ ਜਗਤ ਦੇ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਡਾ. ਮਲਕੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੋਸਾਇਟੀ ਵੱਲੋਂ ਇਹ 13ਵਾਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚਾਹਵਾਨ ਗੁਰਮਤਿ ਗਾਇਨ ਸਿੱਖਣਾ ਚਾਹੁੰਦੇ ਹਨ ਅਤੇ ਡਿਪਲੋਮਾ ਕਰਨਾ ਚਾਹੁੰਦੇ ਹਨ, ਉਹ ਵੀ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹਨ।

Comments
Post a Comment