ਸਾਂਗਲੀ ‘ਚ 24 ਤੋਂ ਨਿਰੰਕਾਰੀ ਸੰਤ ਸਮਾਗਮ, ਏਕਤਾ ਦੇ ਭਾਵ ਨਾਲ ਤਿਆਰੀਆਂ ਮੁਕੰਮਲ ਪੜਾਅ ‘ਚ
ਚੰਡੀਗੜ੍ਹ / ਪੰਚਕੂਲਾ/ਸਾਂਗਲੀ 21 ਜਨਵਰੀ ( ਰਣਜੀਤ ਧਾਲੀਵਾਲ ) : ਪ੍ਰੇਮ, ਸੇਵਾ ਅਤੇ ਏਕਤਾ ਦੇ ਪਾਵਨ ਸੰਦੇਸ਼ ਨਾਲ ਭਰਪੂਰ ਮਹਾਰਾਸ਼ਟਰ ਦਾ 59ਵਾਂ ਨਿਰੰਕਾਰੀ ਸੰਤ ਸਮਾਗਮ 24 ਤੋਂ 26 ਜਨਵਰੀ 2026 ਤੱਕ ਸਾਂਗਲੀ ਵਿਖੇ ਪਰਮ ਪੂਜਯ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਦਿਵ੍ਯ ਅਗਵਾਈ ਹੇਠ ਸ਼ਰਧਾ ਤੇ ਭਵ੍ਯਤਾ ਨਾਲ ਕਰਵਾਇਆ ਜਾਵੇਗਾ। ਤਿੰਨ ਦਿਨਾਂ ਦੇ ਇਸ ਮਹਾ ਆਯੋਜਨ ਲਈ ਤਿਆਰੀਆਂ ਅਖੀਰੀ ਪੜਾਅ ‘ਚ ਹਨ, ਜਿੱਥੇ ਸੇਵਾ, ਅਨੁਸ਼ਾਸਨ ਅਤੇ ਨਿਸ਼ਕਾਮ ਭਾਵ ਨਾਲ ਜੁਟੇ ਸੇਵਾਦਾਰ ਸਮਾਗਮ ਸਥਲ ਨੂੰ ਸੁੰਦਰ ਤੇ ਸੁਵਿਧਾਜਨਕ ਰੂਪ ਦੇ ਰਹੇ ਹਨ। ਇਹ ਸੰਤ ਸਮਾਗਮ ਸਾਂਗਲੀ ਜ਼ਿਲ੍ਹੇ ਦੇ ਸਾਂਗਲਵਾਡੀ ਇਲਾਕੇ ‘ਚ ਕਰੀਬ 400 ਏਕੜ ਦੇ ਵਿਸ਼ਾਲ ਪ੍ਰਾਂਗਣ ਵਿੱਚ ਹੋਵੇਗਾ। ਹਰ ਦਿਨ ਦੁਪਹਿਰ 2.30 ਵਜੇ ਮੁੱਖ ਸਤਸੰਗ ਦੀ ਸ਼ੁਰੂਆਤ ਹੋਏਗੀ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਸੰਤ, ਵਕਤਾ, ਗਾਇਕ ਅਤੇ ਕਵੀ ਆਪਣੇ ਵਿਚਾਰਾਂ ਅਤੇ ਰਚਨਾਵਾਂ ਰਾਹੀਂ ਪਰਮਾਤਮਾ ਅਤੇ ਸਤਿਗੁਰੂ ਪ੍ਰਤੀ ਭਾਵਪੂਰਣ ਅਰਪਣ ਪੇਸ਼ ਕਰਨਗੇ। ਹਰ ਦਿਨ ਦਾ ਸਮਾਪਨ ਰਾਤ 9 ਵਜੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪ੍ਰੇਰਕ ਆਸ਼ੀਰਵਚਨਾਂ ਨਾਲ ਹੋਏਗਾ।ਇਸ ਸਾਲ ਪ੍ਰਾਂਤੀ ਸੰਤ ਸਮਾਗਮ ਦਾ ਵਿਸ਼ਾ ‘ਆਤਮ-ਮੰਥਨ’ ਰੱਖਿਆ ਗਿਆ ਹੈ, ਜੋ ਆਤਮਬੋਧ, ਆਤਮਸ਼ੁੱਧੀ ਅਤੇ ਮਨੁੱਖੀ ਮੁੱਲਾਂ ਦੇ ਜਾਗਰਣ ਵੱਲ ਸਮਾਗਮ ਨੂੰ ਗਹਿਰਾਈ ਅਤੇ ਅਰਥਪੂਰਨ ਦਿਸ਼ਾ ਪ੍ਰਦਾਨ ਕਰੇਗਾ।
ਪਿਛਲੇ ਇੱਕ ਮਹੀਨੇ ਤੋਂ ਮਹਾਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਭਗਤਾਂ ਦੀ ਨਿਸ਼ਕਾਮ ਸੇਵਾ ਨਾਲ ਸਮਾਗਮ ਸਥਲ ਇਕ ਸੁਵਿਧਾਜਨਕ ਤੇ ਮਨਮੋਹਕ ਸ਼ਾਮਿਆਨਾ ਨਗਰੀ ‘ਚ ਤਬਦੀਲ ਹੋ ਚੁੱਕਾ ਹੈ। ਹਰ ਉਮਰ ਵਰਗ ਦੇ ਭਗਤ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ‘ਚ ਅਪਣਾਉਂਦੇ ਹੋਏ ਪੂਰੇ ਉਤਸ਼ਾਹ ਨਾਲ ਸੇਵਾਵਾਂ ‘ਚ ਜੁਟੇ ਹੋਏ ਹਨ।ਮਾਨਵ ਕਲਿਆਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਇਸ ਆਯੋਜਨ ਵਿੱਚ ਆਮ ਲੋਕਾਂ ਨੂੰ ਨੁੱਕੜ ਨਾਟਕਾਂ, ਬੈਨਰਾਂ ਅਤੇ ਸਾਂਗਲੀ-ਮਿਰਜ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ‘ਚ ਖੁੱਲ੍ਹੇ ਸਤਸੰਗਾਂ ਰਾਹੀਂ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਲੱਖਾਂ ਸ਼ਰਧਾਲੂਆਂ ਦੀ ਸੁਵਿਧਾ ਲਈ ਰਿਹਾਇਸ਼ੀ ਟੈਂਟ, ਵਿਸ਼ਾਲ ਲੰਗਰ ਪ੍ਰਬੰਧ, ਕੈਂਟੀਨ, ਔਸ਼ਧਾਲੇ, ਸੁਰੱਖਿਆ ਪ੍ਰਬੰਧ, ਸੁਚੱਜੀ ਪਾਰਕਿੰਗ ਅਤੇ ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ਤੋਂ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਫਾਈ ਅਤੇ ਵਿਵਸਥਾ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਕਾਸ਼ਨ ਵਿਭਾਗ ਵੱਲੋਂ ਆਧਿਆਤਮਿਕ ਸਾਹਿਤ ਦੇ ਸਟਾਲ, ਨਿਰੰਕਾਰੀ ਮਿਸ਼ਨ ਦੇ ਇਤਿਹਾਸ ਅਤੇ ਮਾਨਵ ਸੇਵਾ ਕਾਰਜਾਂ ਨੂੰ ਦਰਸਾਉਂਦੀ ਚਿੱਤਰਮਈ ਪ੍ਰਦਰਸ਼ਨੀ ਅਤੇ ਬੱਚਿਆਂ ਲਈ ਵਿਸ਼ੇਸ਼ ਬਾਲ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ, ਜੋ ਬਾਲ ਮਨ ਦੇ ਸਰਵਾਂਗੀਣ ਵਿਕਾਸ ਵਿੱਚ ਸਹਾਇਕ ਸਾਬਤ ਹੋਏਗੀ। ਇਸ ਮਾਨਵਤਾ ਦੇ ਮਹਾਸੰਗਮ ਵਿੱਚ ਸ਼ਾਮਿਲ ਹੋਣ ਲਈ ਸਮੂਹ ਸ਼ਰਧਾਲੂਆਂ ਅਤੇ ਸੱਜਣ ਮਹਾਤਮਾਵਾਂ ਨੂੰ ਸਾਦਰ ਸੱਦਾ ਦਿੱਤਾ ਗਿਆ ਹੈ।

Comments
Post a Comment