ਆਤਮਮੰਥਨ’ ਦੇ ਸੰਦੇਸ਼ ਨਾਲ ਮਹਾਰਾਸ਼ਟਰ ਵਿੱਚ 59ਵਾਂ ਨਿਰੰਕਾਰੀ ਸੰਤ ਸਮਾਗਮ 24 ਤੋਂ 26 ਜਨਵਰੀ ਤੱਕ
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਲੱਖਾਂ ਸ਼ਰਧਾਲੂ ਹੋਣਗੇ ਸ਼ਾਮਲ
ਚੰਡੀਗੜ੍ਹ/ਪੰਚਕੂਲਾ/ਸਾਂਗਲੀ 24 ਜਨਵਰੀ ( ਰਣਜੀਤ ਧਾਲੀਵਾਲ ) : ਮੌਜੂਦਾ ਸਮੇਂ ਵਿੱਚ ਜਦੋਂ ਮਨੁੱਖੀ ਸਮਾਜ ਵੱਖ-ਵੱਖ ਸੰਕੀਰਨ ਸੋਚਾਂ, ਭੇਦਭਾਵ ਅਤੇ ਤੰਗਦਿਲੀ ਨਾਲ ਜੂਝ ਰਿਹਾ ਹੈ, ਉਸ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਨੂੰ ਜੋੜਨ, ਵਿਚਾਰਾਂ ਨੂੰ ਵਿਸ਼ਾਲ ਬਣਾਉਣ ਅਤੇ ਆਤਮ-ਚਿੰਤਨ ਰਾਹੀਂ ਆਪਣੇ ਆਪ ਨੂੰ ਸੁਧਾਰਨ ਦੀ ਪ੍ਰੇਰਣਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਵਿਚਾਰਧਾਰਾ ਅਧਾਰਿਤ ‘ਆਤਮਮੰਥਨ’ ਵਿਸ਼ੇ ਨਾਲ ਮਹਾਰਾਸ਼ਟਰ ਦਾ 59ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 24 ਤੋਂ 26 ਜਨਵਰੀ 2026 ਤੱਕ ਸਾਂਗਲੀ ਦੇ ਸਾਂਗਲਵਾਡੀ ਖੇਤਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਭਵਿਆ ਸਮਾਗਮ ਲਗਭਗ 320 ਏਕੜ ਵਿਸ਼ਾਲ ਖੇਤਰ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ, ਭਗਤਜਨ ਅਤੇ ਹਰ ਵਰਗ ਦੇ ਨਾਗਰਿਕ ਸ਼ਮੂਲੀਅਤ ਕਰਨਗੇ। ਜੋ ਸ਼ਰਧਾਲੂ ਭੌਤਿਕ ਤੌਰ ’ਤੇ ਹਾਜ਼ਰ ਨਹੀਂ ਹੋ ਸਕਣਗੇ, ਉਨ੍ਹਾਂ ਲਈ ਸਮਾਗਮ ਦਾ ਸੀਧਾ ਪ੍ਰਸਾਰਣ ਸੰਤ ਨਿਰੰਕਾਰੀ ਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਦੁਨੀਆ ਭਰ ਵਿੱਚ ਕੀਤਾ ਜਾਵੇਗਾ।
ਮਹਾਰਾਸ਼ਟਰ ਨਿਰੰਕਾਰੀ ਸੰਤ ਸਮਾਗਮ ਦੇ ਚੇਅਰਮੈਨ ਸ਼੍ਰੀ ਸ਼ੰਭੂਨਾਥ ਤਿਵਾਰੀ ਨੇ ਦੱਸਿਆ ਕਿ ਸਤਿਗੁਰੂ ਮਾਤਾ ਜੀ ਦੇ ਆਦੇਸ਼ਾਂ ਅਨੁਸਾਰ 28 ਦਸੰਬਰ 2025 ਤੋਂ ਹੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਸੁਚੱਜੇ, ਅਨੁਸ਼ਾਸਿਤ ਅਤੇ ਨਿਰੰਤਰ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਲੰਗਰ, ਸਿਹਤ, ਸੁਰੱਖਿਆ, ਟ੍ਰੈਫਿਕ, ਸਫ਼ਾਈ, ਪਾਰਕਿੰਗ, ਸਹਾਇਤਾ ਕੇਂਦਰ ਅਤੇ ਕੈਂਟੀਨ ਸਮੇਤ ਸਾਰੀਆਂ ਬੁਨਿਆਦੀ ਸੁਵਿਧਾਵਾਂ ਦੇ ਸੁਚਾਰੂ ਪ੍ਰਬੰਧ ਲਈ ਸੰਤ ਨਿਰੰਕਾਰੀ ਸੇਵਾਦਲ ਦੇ ਕਰੀਬ 30 ਹਜ਼ਾਰ ਤੋਂ ਵੱਧ ਸੇਵਾਦਾਰ ਦਿਨ-ਰਾਤ ਨਿਸ਼ਕਾਮ ਸੇਵਾ ਵਿੱਚ ਜੁਟੇ ਰਹਿਣਗੇ।
ਸਮਾਗਮ ਦੇ ਤਿੰਨਾਂ ਦਿਨ ਮੁੱਖ ਕਾਰਜਕ੍ਰਮ ਦੁਪਹਿਰ 2.30 ਵਜੇ ਤੋਂ ਰਾਤ 9 ਵਜੇ ਤੱਕ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਭਗਤ ਆਪਣੇ ਪ੍ਰੇਰਕ ਵਿਚਾਰ ਸਾਂਝੇ ਕਰਨਗੇ, ਜਦਕਿ ਸਮਰਪਿਤ ਸੰਗੀਤਕਾਰਾਂ ਵੱਲੋਂ ਭਗਤੀ ਸੰਗੀਤ ਦੀਆਂ ਭਾਵਪੂਰਨ ਪ੍ਰਸਤੁਤੀਆਂ ਕੀਤੀਆਂ ਜਾਣਗੀਆਂ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੂਹਾਨੀ ਕਵੀ ਦਰਬਾਰ ਸਮਾਗਮ ਦਾ ਖਾਸ ਆਕਰਸ਼ਣ ਰਹੇਗਾ। ਹਰ ਦਿਨ ਦੇ ਸਤਸੰਗ ਦਾ ਸਮਾਪਨ ਸਤਿਗੁਰੂ ਦੇ ਪ੍ਰੇਰਣਾਦਾਇਕ ਪ੍ਰਵਚਨਾਂ ਨਾਲ ਹੋਵੇਗਾ।
ਸਮਾਗਮ ਦਾ ਇਕ ਹੋਰ ਮੁੱਖ ਆਕਰਸ਼ਣ ਨਿਰੰਕਾਰੀ ਪ੍ਰਦਰਸ਼ਨੀ ਹੋਵੇਗੀ, ਜਿਸ ਵਿੱਚ ਮਿਸ਼ਨ ਦੇ ਇਤਿਹਾਸ, ਦਰਸ਼ਨ, ਆਧਿਆਤਮਿਕ ਸੰਦੇਸ਼ਾਂ ਅਤੇ ਸਮਾਜਿਕ ਸੇਵਾ ਕਾਰਜਾਂ ਦੀ ਜੀਵੰਤ ਝਲਕ ਪੇਸ਼ ਕੀਤੀ ਜਾਵੇਗੀ। ਪ੍ਰਕਾਸ਼ਨ ਵਿਭਾਗ ਵੱਲੋਂ ਪ੍ਰਕਾਸ਼ਿਤ ਆਧਿਆਤਮਿਕ ਪੁਸਤਕਾਂ, ਪੱਤਰਿਕਾਵਾਂ ਅਤੇ ਸਮਾਗਮ ਵਿਸ਼ੇਸ਼ ਅੰਕ ਵੀ ਸ਼ਰਧਾਲੂਆਂ ਲਈ ਉਪਲਬਧ ਰਹਿਣਗੇ।
ਇਸ ਵਿਸ਼ਾਲ ਆਯੋਜਨ ਲਈ ਮਹਾਰਾਸ਼ਟਰ ਸਰਕਾਰ, ਪੁਲਿਸ, ਸਿਵਲ ਡਿਫੈਂਸ ਅਤੇ ਹੋਰ ਪ੍ਰਸ਼ਾਸਨਿਕ ਏਜੰਸੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਬਿਜਲੀ, ਪਾਣੀ, ਸਫ਼ਾਈ, ਅੱਗ ਬੁਝਾਉ ਸੇਵਾਵਾਂ, ਐਂਬੂਲੈਂਸ, ਸਿਹਤ ਕੇਂਦਰ, ਮੁਫ਼ਤ ਆਵਾਜਾਈ ਅਤੇ ਸੁਚੱਜੀ ਪਾਰਕਿੰਗ ਦੀ ਪੂਰੀ ਵਿਵਸਥਾ ਕੀਤੀ ਗਈ ਹੈ।
ਮਨੁੱਖੀ ਸੋਚ ਨੂੰ ਗਿਆਨ, ਵਿਵੇਕ ਅਤੇ ਆਤਮਚਿੰਤਨ ਰਾਹੀਂ ਵਿਸ਼ਾਲ ਬਣਾਉਣ ਵਾਲਾ ਇਹ ਨਿਰੰਕਾਰੀ ਸੰਤ ਸਮਾਗਮ ਸਮਾਜ ਵਿੱਚ ਇਕਤਾ, ਸਮਰਸਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤੀ ਨਾਲ ਫੈਲਾਉਣ ਦਾ ਮਾਧਿਅਮ ਬਣੇਗਾ।

Comments
Post a Comment