ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 77ਵਾਂ ਗਣਤੰਤਰ ਦਿਵਸ ਦੇਸ਼ਭਗਤੀ ਦੇ ਜੋਸ਼ ਨਾਲ ਮਨਾਇਆ ਗਿਆ
ਬਠਿੰਡਾ 26 ਜਨਵਰੀ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ, ਗੌਰਵ ਅਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਕੈਂਪਸ ਵਿਖੇ ਭਾਰਤ ਦਾ ਰਾਸ਼ਟਰੀ ਝੰਡਾ ਅਤੇ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਕਰੁਣਾ ਤਿਵਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਵਿੱਚ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਨ 1950 ਵਿੱਚ ਭਾਰਤੀ ਸੰਵਿਧਾਨ ਨੂੰ ਅਪਣਾਏ ਜਾਣ ਦੇ ਇਤਿਹਾਸਕ ਮਹੱਤਵ ਅਤੇ ਡਾ. ਭੀਮਰਾਓ ਅੰਬੇਡਕਰ ਸਮੇਤ ਸੰਵਿਧਾਨ ਸਭਾ ਦੇ ਮੈਂਬਰਾਂ ਦੇ ਅਮੂਲ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਅਧਿਕਾਰਾਂ ਅਤੇ ਫ਼ਰਜ਼ਾਂ ਦੇ ਸੰਤੁਲਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਚਾ ਲੋਕਤੰਤਰ ਤਦੋਂ ਹੀ ਮਜ਼ਬੂਤ ਹੁੰਦਾ ਹੈ, ਜਦੋਂ ਸੰਸਥਾਵਾਂ, ਪ੍ਰਸ਼ਾਸਕ, ਅਧਿਆਪਕ ਅਤੇ ਵਿਦਿਆਰਥੀ ਨਿਯਮ ਆਧਾਰਿਤ ਪ੍ਰਣਾਲੀ ਦੇ ਨਾਲ ਮਨੁੱਖੀ ਸੰਵੇਦਨਸ਼ੀਲਤਾ ਅਪਣਾਉਂਦੇ ਹੋਏ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ।ਯੂਨੀਵਰਸਿਟੀ ਦੀਆਂ ਉਪਲਬਧੀਆਂ ‘ਤੇ ਰੌਸ਼ਨੀ ਪਾਉਂਦਿਆਂ ਕੁਲਪਤੀ ਨੇ ਦੱਸਿਆ ਕਿ ਸਾਡੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਸਮਰਪਿਤ ਯਤਨਾਂ ਸਦਕਾ ਸਾਲ 2025 ਦੌਰਾਨ 835 ਖੋਜ ਪ੍ਰਕਾਸ਼ਨ ਦਰਜ ਕੀਤੇ ਗਏ। ਇਸ ਤੋਂ ਇਲਾਵਾ, ਅਕਾਦਮਿਕ, ਖੇਡ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵੀ ਯੂਨੀਵਰਸਿਟੀ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਇਨ੍ਹਾਂ ਵਿੱਚ ਟਾਈਮਜ਼ ਹਾਇਅਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ 251–300 ਦੇ ਗਲੋਬਲ ਰੈਂਕ ਬੈਂਡ ਵਿੱਚ ਸਥਾਨ ਪ੍ਰਾਪਤ ਕਰਨਾ, 39ਵੇਂ ਅਖਿਲ ਭਾਰਤੀ ਯੂਨੀਵਰਸਿਟੀ ਉੱਤਰ ਖੇਤਰ ਯੁਵਾ ਮਹੋਤਸਵ ਵਿੱਚ ਸਮੁੱਚੇ ਤੌਰ ‘ਤੇ ਚੌਥਾ ਸਥਾਨ ਹਾਸਲ ਕਰਨਾ ਅਤੇ ਖੇਲੋ ਇੰਡੀਆ ਖੇਡਾਂ ਵਿੱਚ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਨੁਮਾਇੰਦਗੀ ਸ਼ਾਮਲ ਹੈ। ਉਨ੍ਹਾਂ ਨੇ ਹੁਨਰ ਵਿਕਾਸ, ਸਮੁਦਾਇਕ ਭਾਗੀਦਾਰੀ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਸਮਾਰੋਹ ਦੌਰਾਨ ਪ੍ਰਦਰਸ਼ਨ ਅਤੇ ਲਲਿਤ ਕਲਾ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ਭਗਤੀ ਗੀਤਾਂ ਅਤੇ ਪ੍ਰਸਤੁਤੀਆਂ ਰਾਹੀਂ ਸੱਭਿਆਚਾਰਕ ਰੰਗ ਭਰਿਆ। ਸਮਾਰੋਹ ਦਾ ਸਮਾਪਨ ਯੂਨੀਵਰਸਿਟੀ ਦੇ ਵਿੱਤ ਅਧਿਕਾਰੀ ਡਾ. ਆਰ. ਕੇ. ਸ਼ਰਮਾ ਵੱਲੋਂ ਰਸਮੀ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋਫੈਸਰ ਰਮਨਪ੍ਰੀਤ ਕੌਰ ਅਤੇ ਡਾ. ਕੁਲਭੂਸ਼ਣ ਸ਼ਰਮਾ ਨੇ ਕੀਤਾ। ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਘੁੱਦਾ ਦੇ ਗਣਮਾਨਯ ਨਾਗਰਿਕਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਨੇ ਇਸ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ।
Comments
Post a Comment