ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਨੇ ਬਣਾਈ ਐਕਸ਼ਨ ਕਮੇਟੀ
ਲੁਧਿਆਣਾ 10 ਜਨਵਰੀ ( ਪੀ ਡੀ ਐਲ ) : ਲਲਕਾਰ ਜਥੇਬੰਦੀ ਨਾਲ ਜੁੜੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਤਭਰੇ ਹਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਲੁਧਿਆਣਾ ਦੇ ਮਿੰਨੀ ਸੈਕਟਰੀਏਟ ਵਿਖੇ ਸਮੂਹ ਖੱਬੇ ਪੱਖੀ ਅਤੇ ਜਮਹੂਰੀ ਜਥੇਬੰਦੀਆਂ ਦਾ ਇਕੱਠ ਹੋਇਆ। ਜਥੇਬੰਦੀ ਦੇ ਆਗੂਆਂ ਨੇ ਇੱਕ ਐਕਸ਼ਨ ਕਮੇਟੀ ਬਣਾ ਕੇ ਫੈਸਲਾ ਕੀਤਾ ਕਿ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦੁਆਉਣ ਤੱਕ ਸੰਘਰਸ਼ ਲੜਿਆ ਜਾਵੇਗਾ। ਕਮੇਟੀ ਆਗੂਆਂ ਨੇ ਸਵਾਲ ਚੁੱਕੇ ਕਿ ਪੁਲਿਸ ਨੇ ਹਾਲੇ ਤੱਕ FIR ਦਰਜ ਨਹੀਂ ਕੀਤੀ। ਕਮੇਟੀ ਆਗੂਆਂ ਨੇ ਸਾਂਝੇ ਤੌਰ 'ਤੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੀ ਜਥੇਬੰਦੀ ਲਲਕਾਰ ਦੇ ਆਗੂਆਂ ਤੋਂ ਸਖ਼ਤੀ ਨਾਲ ਪੁੱਛਗਿਛ ਹੋਣੀ ਚਾਹੀਦੀ ਹੈ।
ਐਡਵੋਕੇਟ ਦਿਲਜੋਤ ਸ਼ਰਮਾ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜਿਸ ਲਲਕਾਰ ਜਥੇਬੰਦੀ ਨਾਲ ਐਡਵੋਕੇਟ ਦਿਲਜੋਤ ਸ਼ਰਮਾ ਜੁੜੀ ਹੋਈ ਸੀ, ਉਸਦੇ ਆਗੂ ਦਿਲਜੋਤ ਨੂੰ ਘਰ ਨਹੀਂ ਆਉਣ ਦਿੰਦੇ ਸਨ। ਉਸਨੂੰ ਲੁਧਿਆਣਾ ਵਿੱਚ ਹੀ ਰਹਿਣ ਲਈ ਮਜਬੂਰ ਕਰਦੇ ਸਨ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਭੇਤਭਰੀ ਮੌਤ ਪਿੱਛੇ ਜਥੇਬੰਦੀਆਂ ਦੇ ਆਗੂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਉਨ੍ਹਾ ਦੀ ਬੇਟੀ ਨੂੰ ਵਰਗਲਾ ਕੇ ਰੱਖਿਆ ਹੋਇਆ ਸੀ। ਮ੍ਰਿਤਕਾ ਦਿਲਜੋਤ ਸ਼ਰਮਾ ਦੀ ਮਾਂ ਵੀਰਪਾਲ ਕੌਰ ਨੇ ਇਹ ਵੀ ਕਿਹਾ ਕਿ ਦਿਲਜੋਤ ਉਸ ਨੂੰ ਕਈ ਵਾਰ ਫੋਨ ਤੇ ਗੱਲ ਕਰਦੀ ਹੋਈ ਇਹ ਵੀ ਕਹਿੰਦੀ ਸੀ ਕਿ ਮੈਂ ਜਲਦੀ ਘਰ ਆ ਜਾਣਾ ਹੈ। ਪਰ ਉਹ ਨਹੀਂ ਪਰਤੀ।
ਮੀਟਿੰਗ ਵਿੱਚ ਮੌਜੂਦ ਪੀੜਤ ਇੱਕ ਹੋਰ ਕੁੜੀ ਰੇਸ਼ਮਾ (ਕਾਲਪਨਿਕ ਨਾਮ) ਨੇ ਦੱਸਿਆ ਕਿ ਲਲਕਾਰ ਜਥੇਬੰਦੀ ਦੇ ਆਗੂ ਕਿਵੇਂ ਕੁੜੀਆਂ ਨੂੰ ਵਰਗਲਾ ਕੇ ਉਹਨਾਂ ਨੂੰ ਨਸ਼ੇ ਤੇ ਲਾਉਂਦੇ ਹਨ ਅਤੇ ਉਹਨਾਂ ਨੂੰ ਫਿਜ਼ੀਕਲ ਹਰਾਸ ਕਰਦੇ ਹਨ। ਰੇਸ਼ਮਾ ਨੇ ਆਪਣੀ ਹੱਡਬੀਤੀ ਦਸਦੇ ਹੋਏ ਕਿਹਾ ਕਿ ਜਦੋਂ ਓਹ ਉਕਤ ਜੱਥੇਬੰਦੀ ਨਾਲ ਜੁੜੀ ਹੋਈ ਸੀ ਤਾਂ ਉਸਨੂੰ ਕਿਵੇਂ ਹਰਾਸ ਕੀਤਾ ਗਿਆ ਅਤੇ ਉਸਨੂੰ ਤਿੰਨ ਵਾਰ ਅਬੋਰਸ਼ਨ ਲਈ ਮਜਬੂਰ ਕੀਤਾ ਗਿਆ। ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਰੇਸ਼ਮਾ ਨੇ ਇਨਸਾਫ਼ ਲਈ ਅਦਾਲਤ ਦਾ ਰੁਖ਼ ਕੀਤਾ ਗਿਆ ਹੈ।
ਇੱਕ ਹੋਰ ਪੀੜਤ ਨੌਜਵਾਨ ਵਰੁਣ ਨੇ ਕਿਹਾ ਕਿ ਕਿਵੇਂ ਜਥੇਬੰਦੀ ਦੇ ਆਗੂ ਇਨਕਲਾਬ ਦੇ ਨਾਮ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਫਿਰ ਉਹਨਾਂ ਤੋਂ ਪੈਸੇ ਲੁੱਟਦੇ ਹਨ ਅਤੇ ਜੇਕਰ ਕੋਈ ਨੌਜਵਾਨ ਜਥੇਬੰਦੀ ਛਡਣਾ ਚਾਹੇ ਤਾਂ ਫਿਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਕੇ ਜਾਂ ਫਿਰ ਫੇਕ ਆਈਡੀਜ਼ ਬਣਾ ਕੇ ਸੋਸ਼ਲ ਮੀਡੀਆ ਤੇ ਮੈਂਟਲੀ ਹਰਾਸ ਕਰਦੇ ਹਨ। ਨੌਜਵਾਨ ਨੇ ਦੱਸਿਆ ਕਿ ਕੁਝ ਨੌਜਵਾਨਾਂ ਤੋਂ ਤਾਂ ਉਕਤ ਜਥੇਬੰਦੀ ਦੇ ਆਗੂ ਜ਼ਮੀਨ ਵੀ ਨਾਮ ਕਰਵਾ ਲੈਂਦੇ ਹਨ। ਕਮੇਟੀ ਆਗੂਆਂ ਨੇ ਥਾਣਾ ਡਵੀਜ਼ਨ 7 ਦੇ ਪੁਲਸ ਅਫ਼ਸਰਾਂ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿੱਚ ਪੁਲੀਸ ਐਕਸ਼ਨ ਨਾ ਲਿਆ ਗਿਆ ਤਾਂ ਪੰਜਾਬ ਦੇ ਡੀਜੀਪੀ ਨਾਲ ਵਫਦ ਮੁਲਾਕਾਤ ਕਰਕੇ ਮਾਮਲੇ ਬਾਰੇ ਜਾਣੂ ਕਰਵਾਇਆ ਜਾਵੇਗਾ। ਥਾਣਾ ਅਫ਼ਸਰਾਂ ਨੇ ਆਗੂਆਂ ਨੂੰ ਕਰਵਾਈ ਦਾ ਭਰੋਸਾ ਦੁਆਇਆ।
ਪੰਜਾਬ ਦੇ ਡੀਜੀਪੀ ਨੂੰ ਮਿਲ ਕੇ ਇਸ ਪੂਰੇ ਮਾਮਲੇ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਮੰਗ ਕੀਤੀ ਕਿ ਦਿਲਜੋਤ ਸ਼ਰਮਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਇਸ ਮੀਟਿੰਗ ਵਿੱਚ ਭਾਈ ਲਾਲੋ ਲੋਕ ਮੰਚ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸੁਖਦਰਸ਼ਨ ਨੱਤ, ਮਹਿਲਾ ਮੁਕਤੀ ਮੋਰਚਾ ਦੇ ਆਗੂ ਸੁਰਿੰਦਰ ਕੌਰ, ਆਈ ਡੀ ਪੀ ਆਗੂ ਕਰਨੈਲ ਸਿੰਘ ਜਖੇਪਲ, ਹਰਿੰਦਰ ਸਿੰਘ ਸਰਪੰਚ, ਪੀ ਐਸ ਯੂ ਦੇ ਆਗੂ ਰਣਵੀਰ ਸਿੰਘ, ਸੁਰਿੰਦਰ ਸਿੰਘ ਲੁਧਿਆਣਾ, ਮੁਨਸ਼ੀ ਮੁਨੀਮ ਯੂਨੀਅਨ ਤੋਂ ਗੁਰਤੇਜ ਸਿੰਘ ਅਤੇ ਅਮਰੀਕ ਸਿੰਘ ਬੱਲਾ ਸਿੰਘ ਰੱਲਾ ਅਤੇ ਹੋਰ ਕਈ ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Comments
Post a Comment