ਆਲ ਇੰਡੀਆ ਮਾਸਟਰਜ਼ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ, ਆਗਰਾ ’ਚ ਚੰਡੀਗੜ੍ਹ ਮਾਸਟਰਜ਼ ਦੀ ਧਾਕ
ਚੰਡੀਗੜ੍ਹ 30 ਜਨਵਰੀ ( ਰਣਜੀਤ ਧਾਲੀਵਾਲ ) : ਆਲ ਇੰਡੀਆ ਮਾਸਟਰਜ਼ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਵਿੱਚ ਚੰਡੀਗੜ੍ਹ ਦੇ ਤਜਰਬੇਕਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ। 35+, 40+, 45+ ਅਤੇ 50+ ਉਮਰ ਵਰਗਾਂ ਵਿੱਚ ਭਾਗ ਲੈ ਰਹੀ ਚੰਡੀਗੜ੍ਹ ਟੀਮ ਨੇ ਕੁੱਲ 10 ਤਮਗੇ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ 4 ਗੋਲ੍ਡ 5 ਚਾਂਦੀ ਅਤੇ 1 ਕਾਂਸੇ ਦਾ ਤਮਗਾ ਸ਼ਾਮਲ ਹੈ। ਇਸ ਪ੍ਰਤਿਸ਼ਠਿਤ ਟੂਰਨਾਮੈਂਟ ਦਾ ਉਦਘਾਟਨ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵੱਲੋਂ ਕੀਤਾ ਗਿਆ। ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ ਲਗਭਗ 700 ਐਂਟਰੀਆਂ ਮਿਲੀਆਂ, ਜੋ ਇਸ ਦੀ ਕੜੀ ਮੁਕਾਬਲਾਬੰਦੀ ਨੂੰ ਦਰਸਾਉਂਦੀਆਂ ਹਨ।
ਦੀਪਕ ਸਕਸੇਨਾ ਅਤੇ ਪੰਕਜ ਨਥਾਨੀ ਰਹੇ ਸਿਰਮੌਰ: ਦੀਪਕ ਸਕਸੇਨਾ (50+) ਨੇ ਮਿਕਸਡ ਡਬਲਜ਼ (50+) ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਉਰਵਸ਼ੀ ਥਾਪਾ ਨਾਲ ਜੋੜੀ ਬਣਾ ਕੇ ਕਰਨਾਟਕ ਦੇ ਪਰਿਮੇਲਾਝਗਨ ਅਤੇ ਬਾਨੂ ਐਸ ਨੂੰ 21-16, 21-11 ਨਾਲ ਹਰਾਇਆ।
ਮੈਂਸ ਡਬਲਜ਼ (50+) ਦੇ ਫਾਈਨਲ ਵਿੱਚ ਦੀਪਕ ਸਕਸੇਨਾ ਨੇ ਰਜਨੀਸ਼ ਭਾਟੀਆ ਨਾਲ ਜੋੜੀ ਬਣਾਈ, ਪਰ ਤਿੰਨ ਸੈੱਟਾਂ ਦੇ ਕੜੇ ਮੁਕਾਬਲੇ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰਿਮੇਲਾਝਗਨ ਅਤੇ ਵਿਕਾਸ ਸ਼ਰਮਾ ਖ਼ਿਲਾਫ਼ 21-18, 21-23, 12-21 ਨਾਲ ਹਾਰ ਕੇ ਉਨ੍ਹਾਂ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਪੰਕਜ ਨਥਾਨੀ (40+) ਦਾ ਦੋਹਰਾ ਕਮਾਲ: ਪੰਕਜ ਨਥਾਨੀ (40+) ਨੇ ਦੋ ਸਪਰਧਾਵਾਂ ਵਿੱਚ ਭਾਗ ਲੈ ਕੇ ਦੋਵੇਂ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਪੋਡੀਅਮ ’ਤੇ ਸਿਖਰਲਾ ਸਥਾਨ ਹਾਸਲ ਕੀਤਾ। ਮਿਕਸਡ ਡਬਲਜ਼ (40+) ਵਿੱਚ ਉਨ੍ਹਾਂ ਨੇ ਦਿਵਾ ਅਰੋੜਾ ਨਾਲ ਮਿਲ ਕੇ ਰਾਘਵਨ ਅਤੇ ਅਦਿਤੀ ਰੋਡੇ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਇਸ ਤੋਂ ਬਾਅਦ ਮੈਂਸ ਡਬਲਜ਼ (40+) ਵਿੱਚ ਮਨੀਸ਼ ਗੁਪਤਾ ਨਾਲ ਜੋੜੀ ਬਣਾ ਕੇ ਟਾਪ ਸੀਡ ਜਯਨ ਜੇਮਜ਼ ਅਤੇ ਰਾਜੇਸ਼ ਕ੍ਰਿਸ਼ਨਨ ਨੂੰ 21-18, 14-21, 21-10 ਨਾਲ ਹਰਾ ਕੇ ਖਿਤਾਬ ਜਿੱਤਿਆ।
ਇਨ੍ਹਾਂ ਸ਼ਟਲਰਾਂ ਨੂੰ ਵੀ ਮਿਲੇ ਤਮਗੇ:
ਸਾਹਿਲ ਕਟਲੇਰੀਆ – ਗੋਲ੍ਡ ਮੇਡਲ (ਮੈਂਸ ਸਿੰਗਲਜ਼ 35+), ਪੰਜਾਬ ਦੇ ਰਵਿਜੋਤ ਨੂੰ ਹਰਾਇਆ
ਜਨੀਸ਼ ਭਾਟੀਆ – ਚਾਂਦੀ ਦਾ ਮੇਡਲ (ਮੈਂਸ ਡਬਲਜ਼ 50+)
ਮਾਲਾ ਗਾਬਾ – 2 ਚਾਂਦੀ ਦੇ ਮੇਡਲ (ਵਿਮੈਨਜ਼ ਸਿੰਗਲਜ਼ 40+ ਅਤੇ ਵਿਮੈਨਜ਼ ਡਬਲਜ਼ 40+)
ਨਿਖਿਲ ਚਾਰੀ – 1 ਚਾਂਦੀ (ਮੈਂਸ ਸਿੰਗਲਜ਼ 50+)
ਦਿੱਲੀ ਦੀ ਸੁਚਿਤਰਾ ਮਿਸ਼ਰਾ ਨਾਲ ਲਵਿਤਾ ਸਿੰਗਲਾ – 1ਚਾਂਦੀ ਦਾ ਮੇਡਲ (ਵਿਮੈਨਜ਼ ਡਬਲਜ਼ 50+)
ਗੀਤਾ ਮਹਾਜਨ – 1 ਕਾਂਸੇ ਦਾ ਤਮਗਾ (ਵਿਮੈਨਜ਼ ਸਿੰਗਲਜ਼ 45+)
ਇਸ ਸ਼ਾਨਦਾਰ ਉਪਲਬਧੀ ’ਤੇ ਚੰਡੀਗੜ੍ਹ ਬੈਡਮਿੰਟਨ ਨਾਲ ਜੁੜੇ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਚੰਡੀਗੜ੍ਹ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਸ਼੍ਰੀ ਸੁਰਿੰਦਰ ਮਹਾਜਨ ਨੇ ਸਾਰੇ ਤਮਗਾ ਜੇਤੂਆਂ ਦੀ ਭਰਪੂਰ ਸਰਾਹਨਾ ਕੀਤੀ। ਕਰਨਲ ਰਾਜ ਪਰਮਾਰ ਨੇ ਕਿਹਾ ਕਿ ਸਪੋਰਟਸ ਡਿਪਾਰਟਮੈਂਟ ਚੰਡੀਗੜ੍ਹ ਦੇ ਸਹਿਯੋਗ ਨਾਲ ਇਹ ਖਿਡਾਰੀ ਨੌਜਵਾਨਾਂ ਲਈ ਪ੍ਰੇਰਣਾ ਬਣਨਗੇ ਅਤੇ ਭਵਿੱਖ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨਗੇ। ਚੰਡੀਗੜ੍ਹ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਵਿਜੈੰਦਰ ਕੁਮਾਰ (ਆਈਏਐਸ) ਨੇ ਵੀ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਉਣ ਵਾਲੀਆਂ ਪ੍ਰਤਿਯੋਗਿਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Comments
Post a Comment