ਨਵੇਂ ਸਾਲ ਦੇ ਮੌਕੇ ’ਤੇ ਨਿਰੰਕਾਰੀ ਸਤਿਗੁਰੂ ਦਾ ਖੁਸ਼ੀਆਂ ਤੇ ਆਸ਼ੀਰਵਾਦਾਂ ਭਰਿਆ ਪਾਵਨ ਸੰਦੇਸ਼
ਨਿਰੰਕਾਰ ਦੀ ਰਜ਼ਾ ਵਿੱਚ ਜੀਵਨ ਜੀਉਣਾ ਹੀ ਸੱਚੀ ਸਾਧਨਾ ਹੈ : ਨਿਰੰਕਾਰੀ ਸਤਿਗੁਰੂ ਮਾਤਾ ਜੀ
ਚੰਡੀਗੜ੍ਹ 2 ਜਨਵਰੀ ( ਰਣਜੀਤ ਧਾਲੀਵਾਲ ) : “ਨਿਰੰਕਾਰ ਦੀ ਰਜ਼ਾ ਵਿੱਚ ਜੀਵਨ ਜੀਉਣਾ ਹੀ ਸੱਚੀ ਸਾਧਨਾ ਹੈ।” ਇਹ ਪ੍ਰੇਰਣਾਦਾਇਕ ਬਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਅਵਸਰ ’ਤੇ ਦਿੱਲੀ ਦੇ ਗ੍ਰਾਊਂਡ ਨੰਬਰ–8, ਨਿਰੰਕਾਰੀ ਚੌਕ, ਬੁਰਾੜੀ ਰੋਡ ਵਿਖੇ ਆਯੋਜਿਤ ਵਿਸ਼ੇਸ਼ ਸਤਸੰਗ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਸਤਸੰਗ ਵਿੱਚ ਦਿੱਲੀ, ਐਨ.ਸੀ.ਆਰ. ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਨਵੇਂ ਸਾਲ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਸਾਨਿਧ ਵਿੱਚ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣ ਕੇ ਭਗਤਾਂ ਨੇ ਆਤਮਿਕ ਸ਼ਾਂਤੀ ਤੇ ਆਧਿਆਤਮਿਕ ਉਰਜਾ ਦਾ ਅਨੁਭਵ ਕੀਤਾ।
ਸਤਿਗੁਰੂ ਮਾਤਾ ਜੀ ਨੇ ਆਪਣੇ ਉਦਬੋਧਨ ਵਿੱਚ ਫਰਮਾਇਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਨੂੰ ਸੰਤਾਂ ਦੇ ਬਚਨਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੁਨਹਿਰਾ ਮੌਕਾ ਦਿੰਦਾ ਹੈ। ਜਿੱਥੇ ਸੰਸਾਰ ਨਵੇਂ ਸਾਲ ਦੀ ਸ਼ੁਰੂਆਤ ਮੌਜ-ਮਸਤੀ ਨਾਲ ਕਰਦਾ ਹੈ, ਉੱਥੇ ਸੰਤ ਸੱਚ ਅਤੇ ਸਤਸੰਗ ਦਾ ਰਾਹ ਚੁਣਦੇ ਹਨ। ਸਤਸੰਗ ਨਾਲ ਸ਼ੁਰੂ ਹੋਇਆ ਜੀਵਨ ਹਰ ਪਲ ਨਿਰੰਕਾਰ ਦੇ ਅਹਿਸਾਸ ਨੂੰ ਹੋਰ ਵੀ ਮਜ਼ਬੂਤ ਕਰਦਾ ਜਾਂਦਾ ਹੈ।
ਤਾਰਕਿਕ ਤੌਰ ’ਤੇ ਨਵਾਂ ਸਾਲ ਧਰਤੀ ਵੱਲੋਂ ਸੂਰਜ ਦੇ ਗਿਰਦ ਇਕ ਹੋਰ ਚੱਕਰ ਅਤੇ ਰੁੱਤਾਂ ਦੇ ਬਦਲਾਅ ਦਾ ਨਾਮ ਹੈ। ਅਸੀਂ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਨਵੇਂ ਸੰਕਲਪ ਲੈਂਦੇ ਹਾਂ, ਪਰ ਅਸਲ ਬਦਲਾਅ ਤਦੋਂ ਹੀ ਮਾਇਨੇ ਰੱਖਦਾ ਹੈ ਜਦੋਂ ਉਹ ਅੰਦਰੋਂ ਆਵੇ। ਸੰਤ ਆਤਮ-ਮੰਥਨ ਰਾਹੀਂ ਸਕਾਰਾਤਮਕ ਪਰਿਵਰਤਨ ਲਿਆਉਂਦੇ ਹਨ ਅਤੇ ਨਿਰੰਕਾਰ ਨੂੰ ਸਰਬੋਪਰਿ ਮੰਨਦਿਆਂ ਸੇਵਾ, ਸਿਮਰਨ ਅਤੇ ਸਤਸੰਗ ਨੂੰ ਜੀਵਨ ਦੀ ਪ੍ਰਾਥਮਿਕਤਾ ਬਣਾਉਂਦੇ ਹਨ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਇਕ ਭਗਤ ਦੀ ਇਹੀ ਕਾਮਨਾ ਹੁੰਦੀ ਹੈ ਕਿ ਹਰ ਨਵਾਂ ਸਾਲ ਉਸਨੂੰ ਪਹਿਲਾਂ ਨਾਲੋਂ ਵੱਧ ਸੇਵਾ, ਸਿਮਰਨ ਅਤੇ ਸਤਸੰਗ ਨਾਲ ਜੋੜੇ, ਨਾਲ ਹੀ ਉਹ ਆਪਣੀਆਂ ਸਾਂਸਾਰਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਏ। ਜਦੋਂ ਜੀਵਨ ਆਪ ਹੀ ਸੰਦੇਸ਼ ਬਣ ਜਾਵੇ ਅਤੇ ਕਰਮ ਸ਼ਬਦਾਂ ਨਾਲੋਂ ਵੱਧ ਬੋਲਣ ਲੱਗ ਪੈਣ, ਤਦੋਂ ਹੀ ਸੱਚੀ ਸਾਧਨਾ ਦਾ ਸਰੂਪ ਪ੍ਰਗਟ ਹੁੰਦਾ ਹੈ। ਪੂਰੀ ਚੇਤਨ ਅਵਸਥਾ ਵਿੱਚ ਨਿਰੰਕਾਰ ਦੇ ਅਹਿਸਾਸ ਨਾਲ ਜੀਉਣਾ ਹੀ ਅਸਲ ਜੀਵਨ ਹੈ, ਕਿਉਂਕਿ ਭੂਤ ਅਤੇ ਭਵਿੱਖ ਮਾਇਆ ਦੇ ਰੂਪ ਹਨ। ਜਦੋਂ ਮਨ ਵਿੱਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕੱਲ੍ਹ ਵੀ ਦਾਤਾਰ ਦੀ ਰਜ਼ਾ ਸੀ ਅਤੇ ਅੱਜ ਵੀ ਉਸਦੀ ਕਿਰਪਾ ਹੈ, ਤਾਂ ਚਿੰਤਾ ਆਪਣੇ ਆਪ ਮਿਟ ਜਾਂਦੀ ਹੈ ਅਤੇ ਜੀਵਨ ਸੁਖਦ ਤੇ ਸੰਤੁਲਿਤ ਬਣ ਜਾਂਦਾ ਹੈ।
ਨਵਾਂ ਸਾਲ ਸਿਰਫ਼ ਤਾਰੀਖ਼ ਦੇ ਬਦਲਾਅ ਦਾ ਨਾਮ ਨਹੀਂ, ਬਲਕਿ ਪ੍ਰੇਮ, ਮਿਠਾਸ, ਨਿਮਰਤਾ ਅਤੇ ਸਮਝ ਨੂੰ ਅਪਣਾਉਣ ਦਾ ਮੌਕਾ ਹੈ। ਮਨਮੁਟਾਅ ਅਤੇ ਦ੍ਵੈਸ਼ ਤੋਂ ਦੂਰ ਰਹਿ ਕੇ, ਦੂਜਿਆਂ ਦੇ ਭਾਵਾਂ ਨੂੰ ਸਮਝਦਿਆਂ, ਦੋਸ਼ਾਂ ’ਤੇ ਪਰਦਾ ਪਾ ਕੇ ਗੁਣਾਂ ਨੂੰ ਅਪਣਾਉਣਾ ਹੀ ਸੱਚੀ ਭਗਤੀ ਹੈ। ਹਰ ਸਾਹ ਨਾਲ ਸਿਮਰਨ ਹੋਵੇ, ਹਰ ਪਲ ਵਿੱਚ ਨਿਰੰਕਾਰ ਦਾ ਵਾਸ ਹੋਵੇ—ਇਹੀ ਨਵੇਂ ਸਾਲ ਦਾ ਅਸਲ ਅਰਥ ਅਤੇ ਸੰਦੇਸ਼ ਹੈ। ਨਵੇਂ ਸਾਲ ਦੇ ਅਵਸਰ ’ਤੇ ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਸਾਰੇ ਸ਼ਰਧਾਲੂਆਂ ਲਈ ਸੁਖ, ਸਮ੍ਰਿਧੀ ਅਤੇ ਆਨੰਦਮਈ ਜੀਵਨ ਦੀਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ।
Comments
Post a Comment