ਹਾਜਮੇ ਨਾਲ ਜੁੜੀਆਂ ਬਿਮਾਰੀਆਂ ਲਈ ਸਮੇਂ ਸਿਰ ਜਾਂਚ ਤੇ ਆਧੁਨਿਕ ਇਲਾਜ ਬਹੁਤ ਜ਼ਰੂਰੀ : ਮਾਹਿਰ
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸ਼ੈਲਬੀ ਹਸਪਤਾਲ ਮੋਹਾਲੀ ਵਿੱਚ ਐਡਵਾਂਸਡ ਗੈਸਟਰੋ-ਸਾਇੰਸਿਜ਼ ਵਿਭਾਗ ਦਾ ਉਦਘਾਟਨ
ਸ਼ੈਲਬੀ ਹਸਪਤਾਲ ਮੋਹਾਲੀ ਵਿੱਚ ਐਡਵਾਂਸਡ ਗੈਸਟਰੋ-ਸਾਇੰਸਿਜ਼ ਵਿਭਾਗ ਦੀ ਸ਼ੁਰੂਆਤ
ਐਸ.ਏ.ਐਸ.ਨਗਰ 29 ਜਨਵਰੀ ( ਰਣਜੀਤ ਧਾਲੀਵਾਲ ) : ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਅਣਨਿਯਮਿਤ ਖਾਣ-ਪੀਣ ਅਤੇ ਵਧਦੇ ਤਣਾਅ ਕਾਰਨ ਹਾਜਮੇ, ਜਿਗਰ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਗੈਸ, ਐਸਿਡਿਟੀ, ਪੇਟ ਦਰਦ, ਜਿਗਰ ਦੀਆਂ ਬਿਮਾਰੀਆਂ ਅਤੇ ਆੰਤਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦਾ ਹੈ। ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਉੱਚ ਪੱਧਰੀ ਇਲਾਜ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਸ਼ੈਲਬੀ ਮਲਟੀ-ਸਪੈਸ਼ਲਟੀ ਹਸਪਤਾਲ, ਮੋਹਾਲੀ ਵੱਲੋਂ ਐਡਵਾਂਸਡ ਗੈਸਟਰੋ-ਸਾਇੰਸਿਜ਼ ਵਿਭਾਗ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਅਧੁਨਿਕ ਵਿਭਾਗ ਦਾ ਉਦਘਾਟਨ ਵੀਰਵਾਰ ਨੂੰ ਚਮਕੌਰ ਸਾਹਿਬ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਕੀਤਾ ਗਿਆ। ਇਹ ਵਿਭਾਗ ਹਾਜਮੇ ਦੇ ਤੰਤਰ, ਜਿਗਰ, ਪੈਂਕ੍ਰਿਆਸ ਅਤੇ ਬਿਲੀਅਰੀ ਸਿਸਟਮ ਨਾਲ ਜੁੜੀਆਂ ਬਿਮਾਰੀਆਂ ਲਈ ਇਕੱਠੀ ਅਤੇ ਆਧੁਨਿਕ ਇਲਾਜ ਸਹੂਲਤਾਂ ਮੁਹੱਈਆ ਕਰੇਗਾ। ਐਡਵਾਂਸਡ ਗੈਸਟਰੋ-ਸਾਇੰਸਿਜ਼ ਵਿਭਾਗ ਵਿੱਚ ਅਧੁਨਿਕ ਡਾਇਗਨੋਸਟਿਕ ਸਹੂਲਤਾਂ, ਐਡਵਾਂਸਡ ਐਂਡੋਸਕੋਪੀ, ਮਿਨੀਮਲੀ ਇਨਵੇਸਿਵ ਅਤੇ ਲੈਪ੍ਰੋਸਕੋਪਿਕ ਸਰਜਰੀ ਦੀਆਂ ਸੇਵਾਵਾਂ ਉਪਲਬਧ ਹਨ। ਇਸ ਵਿਭਾਗ ਨੂੰ ਤਜਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ ਸੰਭਾਲ ਰਹੀ ਹੈ, ਜਿਸ ਵਿੱਚ ਡਾ. ਰਾਹੁਲ ਗੁਪਤਾ (ਡਾਇਰੈਕਟਰ – ਗੈਸਟਰੋਐਂਟਰੋਲੋਜੀ, ਹੈਪਾਟੋਲੋਜੀ ਅਤੇ ਐਂਡੋਸਕੋਪੀ), ਡਾ. ਜੀ.ਆਰ. ਵਰਮਾ (ਸੀਨੀਅਰ ਕਨਸਲਟੈਂਟ – ਜੀ ਆਈ ਅਤੇ ਲੈਪ੍ਰੋਸਕੋਪਿਕ ਸਰਜਰੀ), ਡਾ. ਪੰਕਜ ਭੱਲਾ (ਕਨਸਲਟੈਂਟ – ਸਰਜੀਕਲ ਗੈਸਟਰੋਐਂਟਰੋਲੋਜੀ) ਅਤੇ ਡਾ. ਰਵਿੰਦਰ ਗੋਇਲ (ਕਨਸਲਟੈਂਟ – ਗੈਸਟਰੋ ਸਾਇੰਸਿਜ਼) ਸ਼ਾਮਲ ਹਨ।ਡਾ. ਰਾਹੁਲ ਗੁਪਤਾ ਨੇ ਦੱਸਿਆ ਕਿ ਇਸ ਵਿਭਾਗ ਦਾ ਮੁੱਖ ਮਕਸਦ ਸ਼ੁਰੂਆਤੀ ਪੱਧਰ ’ਤੇ ਬਿਮਾਰੀ ਦੀ ਪਛਾਣ ਕਰਕੇ ਆਧੁਨਿਕ ਐਂਡੋਸਕੋਪਿਕ ਤਕਨੀਕਾਂ ਰਾਹੀਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਨਾ ਹੈ। ਡਾ. ਜੀ.ਆਰ. ਵਰਮਾ ਨੇ ਕਿਹਾ ਕਿ ਅਧੁਨਿਕ ਲੈਪ੍ਰੋਸਕੋਪਿਕ ਸਰਜਰੀ ਨਾਲ ਮਰੀਜ਼ਾਂ ਨੂੰ ਤੇਜ਼ ਸੁਧਾਰ ਅਤੇ ਘੱਟ ਜਟਿਲਤਾਵਾਂ ਦਾ ਲਾਭ ਮਿਲੇਗਾ। ਡਾ. ਪੰਕਜ ਭੱਲਾ ਨੇ ਕਿਹਾ ਕਿ ਮਲਟੀ-ਡਿਸ਼ਪਲਿਨਰੀ ਪਹੁੰਚ ਰਾਹੀਂ ਗੰਭੀਰ ਗੈਸਟਰੋ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਬਿਹਤਰ ਇਲਾਜ ਸੰਭਵ ਹੋਵੇਗਾ। ਡਾ. ਰਵਿੰਦਰ ਗੋਇਲ ਨੇ ਵੀ ਰੋਕਥਾਮ ਤੋਂ ਲੈ ਕੇ ਲੰਬੇ ਸਮੇਂ ਦੇ ਪ੍ਰਬੰਧ ਤੱਕ ਸਮੂਹਿਕ ਦੇਖਭਾਲ ’ਤੇ ਜ਼ੋਰ ਦਿੱਤਾ।
ਇਸ ਮੌਕੇ ਸ਼ੈਲਬੀ ਹਸਪਤਾਲ ਮੋਹਾਲੀ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਗਲੈਡਵਿਨ ਸੰਦੀਪ ਨੈਅਰ ਨੇ ਕਿਹਾ ਕਿ ਇਹ ਵਿਭਾਗ ਖੇਤਰ ਦੇ ਲੋਕਾਂ ਲਈ ਵਿਸ਼ਵ-ਸਤਰੀ ਹਾਜਮਾ ਸਿਹਤ ਸੇਵਾਵਾਂ ਨੂੰ ਆਸਾਨੀ ਨਾਲ ਉਪਲਬਧ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਐਡਵਾਂਸਡ ਗੈਸਟਰੋ-ਸਾਇੰਸਿਜ਼ ਵਿਭਾਗ ਦੀ ਸ਼ੁਰੂਆਤ ਨਾਲ ਸ਼ੈਲਬੀ ਹਸਪਤਾਲ ਮੋਹਾਲੀ ਨੇ ਮਰੀਜ਼-ਕੇਂਦਰਿਤ ਅਤੇ ਆਧੁਨਿਕ ਸਿਹਤ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

Comments
Post a Comment