ਕਾਂਗਰਸ ਨੇ 20,000 ਰੁਪਏ ਪ੍ਰਤੀ ਏਕੜ ਦੇ ਮੁਆਵਜੇ ਨੂੰ ਕੀਤਾ ਖਾਰਿਜ; ਦੱਸਿਆ ਬਹੁਤ ਘੱਟ
ਕਿਸਾਨਾਂ ਦੀ ਹੋਈ ਤਬਾਹੀ ਕੋਈ ਆਮ ਗੱਲ ਨਹੀਂ ਹੈ : ਵੜਿੰਗ
ਮੁਆਵਜ਼ੇ ਦੀ ਸਮਾਂਬੱਧ ਅਦਾਇਗੀ ਲਈ ਜਲਦੀ ਸਮਾਂ ਸੀਮਾ ਤੈਅ ਕਰਨ ਦੀ ਮੰਗ ਕੀਤੀ
ਕਿਹਾ: ਕਿਸਾਨਾਂ ਨੂੰ ਰੇਤ ਵੇਚਣ ਦੀ ਇਜਾਜ਼ਤ ਦੇਣਾ, ਉਨ੍ਹਾਂ 'ਤੇ ਕੋਈ ਅਹਿਸਾਨ ਨਹੀਂ ਹੈ
ਪੁੱਛਿਆ: ਨੁਕਸਾਨੇ ਗਏ ਘਰਾਂ, ਮਰੇ ਹੋਏ ਪਸ਼ੂਆਂ ਬਾਰੇ ਕੀ ਬਣੇਗਾ?
ਚੰਡੀਗੜ੍ਹ 8 ਸਤੰਬਰ ( ਰਣਜੀਤ ਧਾਲੀਵਾਲ ) : ਵਿਰੋਧੀ ਧਿਰ ਕਾਂਗਰਸ ਨੇ ਹੜ੍ਹਾਂ ਕਾਰਨ ਫਸਲਾਂ ਦੀ ਹੋਈ ਤਬਾਹੀ ਲਈ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਤੋਂ ਰੇਤ ਵੇਚਣ ਦੀ ਇਜਾਜ਼ਤ ਦੇਣਾ ਉਨ੍ਹਾਂ ਉੱਪਰ ਕੋਈ ਵਿਸ਼ੇਸ਼ ਅਹਿਸਾਨ ਨਹੀਂ ਹੈ। ਪੰਜਾਬ ਕੈਬਨਿਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਹੋ ਰਿਹਾ ਮੌਜੂਦਾ ਨੁਕਸਾਨ ਕੋਈ ਆਮ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੰਬੇ ਸਮੇਂ ਤੱਕ ਅਸਰ ਦਿਖਾਉਣ ਵਾਲੇ ਨੁਕਸਾਨ ਹਨ, ਕਿਉਂਕਿ ਇਸ ਦੌਰਾਨ ਨਾ ਸਿਰਫ਼ ਫਸਲਾਂ ਤਬਾਹ ਹੋਈਆਂ ਹਨ, ਸਗੋਂ ਮਿੱਟੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਵੜਿੰਗ ਨੇ ਕਿਸਾਨਾਂ ਨੂੰ ਮੁਆਵਜ਼ੇ ਦੀ ਸਮਾਂਬੱਧ ਅਦਾਇਗੀ ਲਈ ਜਲਦੀ ਸਮਾਂ ਸੀਮਾ ਦੀ ਮੰਗ ਕੀਤੀ ਹੈ, ਨਹੀਂ ਤਾਂ ਇਹ ਆਪ ਦਾ ਇੱਕ ਹੋਰ ਧੋਖਾ ਸਾਬਤ ਹੋ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਐਲਾਨਿਆ ਗਿਆ ਮੁਆਵਜ਼ਾ ਬਹੁਤ ਘੱਟ ਹੈ, ਲੇਕਿਨ ਫਿਰ ਵੀ ਸਰਕਾਰ ਨੂੰ ਇਸਨੂੰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਇੱਕ ਸਮਾਂ ਸੀਮਾ ਤੈਅ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨੁਕਸਾਨੀਆਂ ਗਈਆਂ ਫਸਲਾਂ ਕਾਰਨ ਪਹਿਲਾਂ ਹੀ ਲਗਭਗ 50,000 ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਮਿੱਟੀ ਦੀ ਨਮੀ ਮਹੀਨਿਆਂ ਤੱਕ ਇਕੱਠੀ ਰਹੇਗੀ, ਜਿਸ ਕਾਰਨ ਉਹ ਕਣਕ ਦੀ ਫਸਲ ਵੀ ਨਹੀਂ ਬੀਜ ਸਕਣਗੇ। ਉਨ੍ਹਾਂ ਕਿਹਾ ਕਿ ਮਿੱਟੀ ਨੂੰ ਵੀ ਇਸਦੀ ਉਪਜਾਊ ਸ਼ਕਤੀ ਅਤੇ ਉਤਪਾਦਕਤਾ ਨੂੰ ਮੁੜ ਸੁਰਜੀਤ ਕਰਨ ਲਈ ਹੋਰ ਖਾਦਾਂ ਨਾਲ ਭਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਰੇਤਲੀ ਅਤੇ ਗਾਦ ਨਾਲ ਭਰੀ ਮਿੱਟੀ ਫਸਲ ਦੀ ਪੈਦਾਵਾਰ ਦੇ ਮਾਮਲੇ ਵਿੱਚ ਘੱਟ ਉਤਪਾਦਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹੋਏ ਪਸ਼ੂਆਂ ਦੇ ਨੁਕਸਾਨ ਨੂੰ ਭੁੱਲ ਗਈ ਹੈ, ਜੋ ਅੰਕੜਾ ਲੱਖਾਂ ਰੁਪਏ ਵਿੱਚ ਹੈ। ਇਸੇ ਤਰ੍ਹਾਂ, ਨਾ ਹੀ ਸਰਕਾਰ ਨੇ ਨੁਕਸਾਨੇ ਗਏ ਘਰਾਂ ਲਈ ਕੋਈ ਮੁਆਵਜ਼ਾ ਐਲਾਨ ਕੀਤਾ ਗਿਆ ਹੈ। ਉਨ੍ਹਾਂ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਹ ਕੋਈ ਆਮ ਨੁਕਸਾਨ ਨਹੀਂ ਹੈ, ਜਿਸਦੀ ਭਰਪਾਈ 20,000 ਰੁਪਏ ਪ੍ਰਤੀ ਏਕੜ ਨਾਲ ਨਹੀਂ ਕੀਤੀ ਜਾ ਸਕਦੀ ਹੈ। ਜਦਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਵਿੱਚ ਜਮ੍ਹਾਂ ਹੋਈ ਰੇਤ ਅਤੇ ਗਾਦ ਨੂੰ ਚੁੱਕਣ ਅਤੇ ਵੇਚਣ ਦੀ ਇਜਾਜ਼ਤ ਦੇਣ ਬਾਰੇ, ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਨਾਲ ਆਪਣੀ ਜ਼ਮੀਨ ਨੂੰ ਕਾਸ਼ਤਯੋਗ ਬਣਾਉਣ ਲਈ ਰੇਤ ਅਤੇ ਗਾਦ ਤੋਂ ਸਾਫ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਤੋਂ ਰੇਤ ਚੁੱਕਣ ਦੀ ਇਜਾਜ਼ਤ ਦੇ ਕੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ (ਕਿਸਾਨਾਂ) ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ, ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ “ਰੇਤ ਮਾਫੀਆ” ਜੋ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਵਧਿਆ-ਫੁੱਲਿਆ ਹੈ ਅਤੇ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ, ਕਿਸਾਨਾਂ ਦਾ ਸ਼ੋਸ਼ਣ ਕਰੇਗਾ ਅਤੇ ਉਨ੍ਹਾਂ ਨੂੰ ਇਸ ਤੋਂ ਕੁਝ ਵੀ ਕਮਾਉਣ ਨਹੀਂ ਦੇਵੇਗਾ। ਉਨ੍ਹਾਂ ਇਸ ਬਾਰੇ ਹੋਰ ਸਪੱਸ਼ਟਤਾ ਦੀ ਮੰਗ ਕੀਤੀ ਹੈ ਕਿ ਕਿਸਾਨ ਆਪਣੀ ਰੇਤ ਕਿਵੇਂ ਵੇਚ ਸਕਣਗੇ, ਨਹੀਂ ਤਾਂ ਇਹ ਆਪ ਦੇ ਦਿਖਾਵੇ ਦੀ ਸਿਰਫ਼ ਇੱਕ ਹੋਰ ਵਿਸ਼ੇਸ਼ਤਾ ਹੋਵੇਗੀ।
Comments
Post a Comment