ਪੰਜਾਬ ਦੀ ਆਫ਼ਤ "ਮਾਨ-ਮੇਡ ਡਿਜਾਸਟਰ" : ਚੁੱਘ
ਆਪ ਸਰਕਾਰ ਦੀਆਂ ਖੁੱਲ੍ਹੀਆਂ ਖਦਾਨਾਂ ਤੇ ਨਾਕਾਮੀਆਂ ਬੇਨਕਾਬ
ਚੰਡੀਗੜ੍ਹ 8 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕਰਾਰੀ ਚੋਟ ਮਾਰਦੇ ਹੋਏ ਕਿਹਾ ਕਿ ਪੰਜਾਬ ਦੀ ਬਾੜ੍ਹ ਹੁਣ ਸਿਰਫ ਕੁਦਰਤੀ ਆਫ਼ਤ ਨਹੀਂ ਰਹੀ, ਇਹ ਪੂਰੀ ਤਰ੍ਹਾਂ “ਮਾਨ-ਮੇਡ ਡਿਜਾਸਟਰ” ਬਣ ਚੁੱਕੀ ਹੈ। ਚੁਘ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਰਕਾਨੂੰਨੀ ਰੇਤ ਖਦਾਨਾਂ ਨੂੰ ਖੁੱਲ੍ਹਾ ਛੱਡ ਦਿੱਤਾ, ਜਿਸ ਨਾਲ ਦਰਿਆਈ ਬੰਨ੍ਹ ਕਮਜ਼ੋਰ ਹੋ ਗਏ ਅਤੇ ਕਈ ਪਿੰਡ ਤਬਾਹੀ ਦਾ ਸ਼ਿਕਾਰ ਹੋਏ। ਚੁੱਘ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਭਗਵੰਤ ਮਾਨ ਦੀ ਅਯੋਗਤਾ, ਨਾਕਾਮੀ ਅਤੇ ਤਜ਼ਰਬੇਹੀਣੇਪਣ ਦੀ ਕੀਮਤ ਭੁਗਤ ਰਹੇ ਹਨ। “ਪੰਜਾਬ ਨੂੰ ਤਬਾਹੀ ਵੱਲ ਧੱਕਣ ਦਾ ਕਾਰਨ ਭਗਵੰਤ ਮਾਨ ਸਰਕਾਰ ਵੱਲੋਂ ਗੈਰਕਾਨੂੰਨੀ ਖਦਾਨਾਂ ਨੂੰ ਦਿੱਤੀ ਖੁੱਲ੍ਹੀ ਛੋਟ ਹੈ। ਇਹ ਕੁਦਰਤੀ ਨਹੀਂ, ਬਲਕਿ ‘ਮਾਨ-ਮੇਡ ਡਿਜਾਸਟਰ’ ਹੈ,” ਚੁੱਘ ਨੇ ਕਿਹਾ। ਉਨ੍ਹਾਂ ਨੇ ਕਿਹਾ ਕਿ ਬਾੜ੍ਹ ਪ੍ਰਭਾਵਿਤ ਖੇਤਰਾਂ ਦਾ ਹਕੀਕੀ ਅੰਦਾਜ਼ਾ ਕਰਨ ਦੀ ਥਾਂ ਮਾਨ ਸਰਕਾਰ ਸਿਰਫ ਮੁਆਵਜ਼ੇ ਦੇ ਪੈਕੇਜਾਂ ਦੀ ਰਾਜਨੀਤੀ ਕਰ ਰਹੀ ਹੈ। ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਪੰਜਾਬ ਲਈ ਆਫ਼ਤ ਪ੍ਰਬੰਧਨ ਫੰਡ ਵਿੱਚ 11,000 ਕਰੋੜ ਰੁਪਏ ਤੋਂ ਵੱਧ ਰੱਖ ਚੁੱਕੀ ਹੈ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਭਗਵੰਤ ਮਾਨ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਾ ਹੀ ਖਾਸ ਟੀਮਾਂ ਬਣਾਈਆਂ, ਨਾ ਹੀ ਨੁਕਸਾਨ ਦਾ ਸਹੀ ਸਰਵੇ ਕਰਵਾਇਆ। ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸਰਕਾਰ ਸਿਰਫ ਦਿਖਾਵੇ ਅਤੇ ਰਾਜਨੀਤੀ ਵਿੱਚ ਫਸੀ ਹੋਈ ਹੈ। ਚੁੱਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਗੁਰਦਾਸਪੁਰ ਦੇ ਬਾੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ, ਜਿੱਥੇ ਉਹ ਪ੍ਰਭਾਵਿਤ ਪਰਿਵਾਰਾਂ ਤੇ ਕਿਸਾਨਾਂ ਨਾਲ ਸੀਧੀ ਮੁਲਾਕਾਤ ਕਰਨਗੇ ਅਤੇ ਰਾਹਤ ਕੰਮਾਂ ਦੀ ਸਮੀਖਿਆ ਕਰਨਗੇ। “ਇਹ ਪ੍ਰਧਾਨ ਮੰਤਰੀ ਦਾ ਦੌਰਾ ਸਾਬਤ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾਂ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਦੇਵੇਗੀ,” ਚੁੱਘ ਨੇ ਕਿਹਾ।
Comments
Post a Comment