ਵੇਵ ਅਸਟੇਟ, ਸੈਕਟਰ 85, ਮੋਹਾਲੀ ਵਿਖੇ ਪ੍ਰਭਾਵਸ਼ਾਲੀ ਸਰਬ ਧਰਮ ਸੰਮੇਲਨ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਅਤੇ ਸਤਿਕਾਰ ਰੱਖਣ ਵਾਲਾ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਹਰ ਇਨਸਾਨ ਸਿੱਖ ਹੈ :- ਭਾਈ ਗੁਰਪਾਲ ਸਿੰਘ ਤਿੰਮੋਵਾਲ
ਐਸ.ਏ.ਐਸ.ਨਗਰ 22 ਫ਼ਰਵਰੀ ( ਰਣਜੀਤ ਧਾਲੀਵਾਲ ) : ਵੇਵ ਅਸਟੇਟ ਸੈਕਟਰ 85, ਮੋਹਾਲੀ ਵਿਖੇ ਧਰਮ ਸੇਵਾ ਸੰਮਤੀ ਮੋਹਾਲੀ ਵੱਲੋਂ ਇੱਕ ਪ੍ਰਭਾਵਸ਼ਾਲੀ ਸਰਬ ਧਰਮ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਭਰਕੇ ਭਾਈਚਾਰੇ, ਸਾਂਝ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਪ੍ਰਮੁੱਖ ਤੌਰ ’ਤੇ ਸਿੱਖ ਧਰਮ ਪ੍ਰਚਾਰਕ ਭਾਈ ਗੁਰਪਾਲ ਸਿੰਘ ਤਿੰਮੋਵਾਲ, ਸਨਾਤਨ ਧਰਮ ਤੋਂ ਪ੍ਰੋਫੈਸਰ ਗਜਿੰਦਰ ਵਸ਼ਿਸ਼ਟ ਅਤੇ ਆਰਐਸਐਸ ਮੋਹਾਲੀ ਦੇ ਜਨਰਲ ਸਕੱਤਰ ਐਡਵੋਕੇਟ ਵਿਕਾਸ ਠਾਕੁਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਸਮਾਜ ਸੇਵੀ ਹਰਦੇਵ ਸਿੰਘ ਉੱਭਾ ਵੱਲੋਂ ਨਿਭਾਈ ਗਈ। ਸਮਾਗਮ ਵਿੱਚ ਪਹੁੰਚੇ ਸਾਰੇ ਧਰਮ ਪ੍ਰਚਾਰਕਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕਰਦੇ ਹੋਏ ਜੀ ਆਇਆ ਨੂੰ ਆਖਿਆ ਗਿਆ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਈ ਗੁਰਪਾਲ ਸਿੰਘ ਤਿੰਮੋਵਾਲ ਜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਅਤੇ ਸਤਿਕਾਰ ਰੱਖਣ ਵਾਲਾ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਹਰ ਇਨਸਾਨ ਸਿੱਖ ਹੈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਜੀਵਨੀ ਅਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿੱਖ ਧਰਮ ਸੇਵਾ, ਬਰਾਬਰੀ ਅਤੇ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ।ਉਹਨਾ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ 'ਚ ਬੇਮਿਸਾਲ ਹੈ ਜਿਸ ਨੇ ਮਨੁੱਖੀ ਅਧਿਕਾਰਾ ਤੇ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਦਾ ਮਾਰਗ ਦਿਖਾਇਆ। ਪ੍ਰੋਫੈਸਰ ਗਜਿੰਦਰ ਵਸ਼ਿਸ਼ਟ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਰਬ ਧਰਮ ਸੰਮੇਲਨ ਪਿਆਰ, ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਧਰਮਾਂ ਦੀ ਮੂਲ ਸਿੱਖਿਆ ਮਨੁੱਖਤਾ, ਦਇਆ ਅਤੇ ਆਪਸੀ ਸਤਿਕਾਰ ਹੈ। ਭਾਰਤ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਸੁੰਦਰ ਗੁਲਦੱਸਾ ਹੈ, ਜਿੱਥੇ ਸਿੱਖ ਧਰਮ ਦ੍ਰਿੜਤਾ ਅਤੇ ਹਿੰਦੂ ਧਰਮ ਸਹਿਨਸ਼ੀਲਤਾ ਦਾ ਸੰਦੇਸ਼ ਦਿੰਦੇ ਹਨ।
ਆਰਐਸਐਸ ਮੋਹਾਲੀ ਦੇ ਜਨਰਲ ਸਕੱਤਰ ਐਡਵੋਕੇਟ ਵਿਕਾਸ ਠਾਕੁਰ ਨੇ ਕਿਹਾ ਕਿ ਜਾਤ-ਪਾਤ ਅਤੇ ਧਰਮ ਦੇ ਨਾਮ ’ਤੇ ਟਕਰਾਵ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਇਕੱਠੇ ਰਹਾਂਗੇ ਤਾਂ ਕੋਈ ਵੀ ਦੁਸ਼ਮਣ ਦੇਸ਼ ਸਾਡਾ ਨੁਕਸਾਨ ਨਹੀਂ ਕਰ ਸਕਦਾ। ਉਨ੍ਹਾਂ ਨੇ ਸਵਦੇਸ਼ੀ ਚੀਜ਼ਾਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ। ਸੰਮੇਲਨ ਦੌਰਾਨ ਅਮਨ, ਏਕਤਾ ਅਤੇ ਆਪਸੀ ਭਰੋਸੇ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ। ਅੰਤ ਵਿੱਚ ਚਾਹ, ਸਮੋਸੇ ਅਤੇ ਗੁਲਾਬ ਜਾਮਣ ਦਾ ਲੰਗਰ ਵਰਤਾਇਆ ਗਿਆ ਅਤੇ ਪਹੁੰਚੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਹ ਸਰਬ ਧਰਮ ਸੰਮੇਲਨ ਸਮਾਜ ਵਿੱਚ ਪਿਆਰ, ਸਾਂਝ ਅਤੇ ਭਾਈਚਾਰੇ ਦੀ ਮਜ਼ਬੂਤੀ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।

Comments
Post a Comment