ਅਕਾਲੀ ਦਲ ਕੇਂਦਰੀ ਏਸ਼ੀਆ ਨਾਲ ਵਪਾਰ ਵਾਸਤੇ ਵਾਹਗਾ ਤੇ ਫਾਜ਼ਿਲਕਾ ਬਾਰਡਰ ਖੋਲ੍ਹਣ ਲਈ ਵਚਨਬੱਧ : ਸੁਖਬੀਰ ਸਿੰਘ ਬਾਦਲ
ਐਲਾਨ ਕੀਤਾ ਕਿ 2027 ਵਿਚ ਸੱਤਾ ਵਿਚ ਆਉਣ ’ਤੇ ਪਾਰਟੀ ਸਰਹੱਦੀ ਪੱਟੀ ਵਿਚ ਵਿਸ਼ੇਸ਼ ਉਦਯੋਗਿਕ ਜ਼ੋਨ ਸਥਾਪਿਤ ਕਰੇਗੀ
ਕਿਹਾ ਕਿ ਆਪ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਝੂਠੇ ਕੇਸਾਂ ਦੀ ਜਾਂਚ ਵਾਸਤੇ ਕਮਿਸ਼ਨ ਗਠਿਤ ਕੀਤਾ ਜਾਵੇਗਾ, ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੋ ਝੂਠੇ ਕੇਸ ਦਰਜ ਕਰਨਗੇ, ਉਹਨਾਂ ਖਿਲਾਫ ਕਾਰਵਾਈ ਹੋਵੇਗੀ
ਅਟਾਰੀ/ਚੰਡੀਗੜ੍ਹ 21 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਕੇਂਦਰੀ ਏਸ਼ੀਆਈ ਮੁਲਕਾਂ ਨਾਲ ਵਪਾਰ ਵਾਸਤੇ ਵਾਹਗਾ ਤੇ ਫਾਜ਼ਿਲਕਾ ਬਾਰਡਰ ਖੋਲ੍ਹੇ ਜਾਣ ਅਤੇ ਸਰਹੱਦੀ ਪੱਟੀ ਵਿਚ ਇਕ ਵਿਸ਼ੇਸ਼ ਉਦਯੋਗਿਕ ਜ਼ੋਨ ਬਣਾਇਆ ਜਾਵੇ। ਪੰਜਾਬ ਬਚਾਓ ਮੁਹਿੰਮ ਤਹਿਤ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਇਥੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਰਡਰ ਬੰਦ ਹੋਣ ਨਾਲ ਸਰਹੱਦੀ ਪੱਟੀ ਵਿਚ ਵਪਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਉਹਨਾਂ ਕਿਹਾ ਕਿ ਇਕ ਵਾਰ ਅਸੀਂ ਚੁਣੇ ਗਏ ਤਾਂ ਅਸੀਂ ਵਾਹਗਾ ਤੇ ਫਾਜ਼ਿਲਕਾ ਬਾਰਡਰ ਫਲ ਤੇ ਸਬਜ਼ੀਆਂ ਅਤੇ ਹੋਰ ਵਸਤਾਂ ਕੇਂਦਰੀ ਏਸ਼ੀਆਈ ਮੁਲਾਕਾਂ ਨੂੰ ਬਰਾਮਦ ਕਰਨ ਵਾਸਤੇ ਖੋਲ੍ਹਾਂਗੇ। ਉਹਨਾਂ ਕਿਹਾ ਕਿ ਇਸ ਬਰਾਮਦ ਸਦਕਾ ਅੰਮ੍ਰਿਤਸਰ ਕੌਮਾਂਤਰੀ ਵਪਾਰ ਦਾ ਕੇਂਦਰ ਬਣ ਜਾਵੇਗਾ ਤੇ ਸਾਰੇ ਖਿੱਤੇ ਨੂੰ ਇਸਦਾ ਲਾਭ ਮਿਲੇਗਾ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਰਹੱਦੀ ਪੱਟੀ ਵਿਚ ਉਦਯੋਗ ਸਥਾਪਿਤ ਕਰਨਾ ਵੀ ਬਹੁਤ ਜ਼ਰੂਰੀ ਹੈ ਖਾਸ ਤੌਰ ’ਤੇ ਜਦੋਂ ਉਦਯੋਗ ਪਹਾੜੀ ਰਾਜਾਂ ਵਿਚ ਮਿਲ ਰਹੀਆਂ ਰਿਆਇਤਾਂ ਕਾਰਨ ਉਥੇ ਹਿਜ਼ਰਤ ਕਰ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸਰਹੱਦੀ ਪੱਟੀ ਵਿਚ ਵਿਸ਼ੇਸ਼ ਉਦਯੋਗਿਕ ਜ਼ੋਨ ਸਥਾਪਿਤ ਕਰਨ ਵਾਸਤੇ ਵਚਨਬੱਧ ਹੈ ਅਤੇ ਉਹ ਉਦਯੋਗਾਂ ਨੂੰ ਵਿਸ਼ੇਸ਼ ਵਿੱਤੀ ਪੈਕੇਜ ਦੇਵੇਗਾ ਤਾਂ ਜੋ ਇਥੇ ਨਿਵੇਸ਼ ਆਕਰਸ਼ਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਨਾਲ ਸਾਰੇ ਇਲਾਕੇ ਦੇ ਅਰਥਚਾਰੇ ਨੂੰ ਹੁਲਾਰਾ ਮਿਲੇਗਾ।ਇਸ ਦੌਰਾਨ ਅੱਜ ਸਾਰਾ ਇਲਾਕਾ ਹੀ ਅਕਾਲੀ ਦਲ ਦੇ ਨੀਲੇ ਅਤੇ ਕੇਸਰੀ ਰੰਗ ਵਿਚ ਰੰਗਿਆ ਗਿਆ। ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਤਜ਼ਰਬੇ ਕਰਨਾ ਬੰਦ ਕਰਨ ਅਤੇ 2027 ਦੀਆਂ ਚੋਣਾਂ ਵਿਚ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਭਲਾਈ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਇਥੇ ਹੀ ਜਿਉਂਦੇ ਹਾਂ ਤੇ ਇਥੇ ਹੀ ਮਰਾਂਗੇ। ਸਾਰੀਆਂ ਦਿੱਲੀ ਆਧਾਰਿਤ ਪਾਰਟੀਆਂ ਭਾਵੇਂ ਉਹ ਕਾਂਗਰਸ, ਆਪ ਜਾਂ ਭਾਜਪਾ ਹੋਵੇ ਨੂੰ ਸੂਬੇ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਦੀ ਇਕਲੌਤੀ ਇੱਛਾ ਸੱਤਾ ਹਥਿਆਉਣਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਅਕਾਲੀ ਦਲ ਸੱਤਾ ਵਿਚ ਹੁੰਦਾ ਹੈ, ਵਿਕਾਸ ਉਦਯੋਗ ਹੀ ਹੁੰਦਾ ਹੈ ਤੇ ਇਸ ਮਗਰੋਂ ਤੁਰੰਤ ਬੰਦ ਹੋ ਜਾਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਉਹ ਕਾਂਗਰਸ ਸਰਕਾਰ ਜਾਂ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਹੋਇਆ ਕੋਈ ਵੀ ਵਿਕਾਸ ਕਾਰਜ ਗਿਣਵਾਉਣ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਦੇ ਕਈ ਮੁੱਖ ਮੰਤਰੀ ਰਹੇ ਪਰ ਕਾਂਗਰਸ ਪਾਰਟੀ ਇਕ ਵੀ ਅਹਿਮ ਪ੍ਰਾਜੈਕਟ ਨਹੀਂ ਗਿਣਵਾ ਸਕਦੀ ਜੋ ਉਹਨਾਂ ਦੇ ਕਾਰਜਕਾਲ ਵਿਚ ਬਣਿਆ ਹੋਵੇ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਹੀ ਖੇਤੀਬਾੜੀ ਲਈ ਮੁਫਤ ਬਿਜਲੀ ਸਪਲਾਈ ਦਿੱਤੀ, ਸਿੰਜਾਈ ਵਾਸਤੇ ਨਹਿਰਾਂ ਦਿੱਤੀਆਂ, ਵਿਸ਼ਵ ਪੱਧਰੀ ਸੜਕਾਂ ਤੇ ਹਵਾਈ ਅੱਡੇ, ਮੰਡੀਆਂ ਤੇ ਥਰਮਲ ਪਲਾਂਟ ਲਗਾਏ ਬਲਕਿ ਆਟਾ ਦਾਲ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਦਿੱਤੀਆਂ।ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਦੇ ਵੀ ਪੰਜਾਬ ਦੇ ਮਾਣ ਤੇ ਸਤਿਕਾਰ ਨਾਲ ਸਮਝੌਤਾ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਰਗੇ ਧਾਰਮਿਕ ਅਸਥਾਨਾਂ ’ਤੇ ਕਬਜ਼ੇ ਮਗਰੋਂ ਵੀ ਅਕਾਲੀ ਦਲ ਤੋਂ ਖੁਸ਼ ਨਹੀਂ ਹਨ ਸਗੋਂ ਉਹ ਬਾਦਲ ਪਰਿਵਾਰ ਨੂੰ ਪਾਸੇ ਕਰ ਕੇ ਆਪਣੀਆਂ ਕਠਪੁਤਲੀਆਂ ਨੂੰ ਕਬਜ਼ਾ ਕਰਵਾਉਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬੇ ਵਿਚ ਆਪ ਸਰਕਾਰ ਵੀ ਉਹਨਾਂ ਖਿਲਾਫ ਝੂਠਾ ਕੇਸ ਦਰਜ ਕਰਨਾ ਚਾਹੁੰਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਇਹਨਾਂ ਹੱਥਕੰਡਿਆਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਰਾਹ ਵਿਚ ਰੁਕਾਵਟ ਨਹੀਂ ਬਣਨ ਦੇਣਗੇ। ਉਹਨਾਂ ਕਿਹਾ ਕਿ ਮੈਂ ਕੋਈ ਵੀ ਕੁਰਬਾਨੀ ਦੇਣ ਵਾਸਤੇ ਤਿਆਰ ਬਰ ਤਿਆਰ ਹਾਂ ਪਰ ਮੈਂ ਕਦੇ ਵੀ ਅਕਾਲੀ ਦਲ ਦੇ ਸਿਧਾਂਤਾਂ ਦੇ ਮਾਮਲੇ ਵਿਚ ਸਮਝੌਤਾ ਨਹੀਂ ਕਰਾਂਗਾ।
ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਤਰਨ ਤਾਰਨ ਦੇ ਆਗੂ ਕੰਚਨਪ੍ਰੀਤ ਕੌਰ ਵਰਗੇ ਸੀਨੀਅਰ ਆਗੂਆਂ ਖਿਲਾਫ ਝੂਠੇ ਕੇਸ ਦਰਜ ਹੋਣ ਦਾ ਨੋਟਿਸ ਲੈਂਦਿਆਂ ਬਾਦਲ ਨੇ ਕਿਹਾ ਕਿ ਇਕ ਵਾਰ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਇਹਨਾਂ ਸਾਰੇ ਕੇਸਾਂ ਦੀ ਜਾਂਚ ਵਾਸਤੇ ਕਮਿਸ਼ਨ ਸਥਾਪਿਤ ਕਰਾਂਗੇ। ਉਹਨਾਂਕਿਹਾ ਕਿ ਇਹ ਝੂਠੇ ਕੇਸ ਦਰਜ ਕਰਨ ਲਈ ਜ਼ਿੰਮੇਵਾਰ ਲੋਕਾਂ ਤੇ ਅਫਸਰਾਂ ਖਿਲਾਫ ਉਹਨਾਂ ਦੇ ਗੈਰ ਕਾਨੂੰਨੀ ਕੰਮਾਂ ਵਾਸਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਅਤੇ ਉਹਨਾਂ ਵੱਲੋਂ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਖਰੀਦਣ ਦੇ ਮਾਮਲੇ ਦੀ ਵੀ ਜਾਂਚ ਕਰਵਾਏਗਾ। ਉਹਨਾਂ ਕਿਹਾ ਕਿ ਅਸੀਂ ਇਹਨਾਂ ਨੂੰ ਭੱਜਣ ਨਹੀਂ ਦਿਆਂਗੇ ਤੇ ਭਗਵੰਤ ਮਾਨ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।’ਅਕਾਲੀ ਦਲ ਲਿਆਓ, ਦਿੱਲੀ ਵਾਲੀਆਂ ਪਾਰਟੀਆਂ ਭਜਾਓ’ ਦੇ ਨਾਅਰਿਆਂ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਜਿਹੜੇ ਕਿਸਾਨਾਂ ਕੋਲ ਟਿਊਬਵੈਨ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦੇਵੇਗੀ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਸਰਹੱਦੀ ਪੱਟੀ ਵਿਚ ਉਹਨਾਂ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇਵੇਗੀ ਜੋ ਉਹ ਵਾਹ ਰਹੇ ਹਨ ਤੇ ਨਾਲ ਹੀ ਸਾਰੇ ਪ੍ਰਮੁੱਖ ਦਰਿਆਵਾਂ ’ਤੇ ਪੱਕੇ ਬੰਨ ਬਣਾਏ ਜਾਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਦੇ ਨੌਜਵਾਨਾਂ ਵਾਸਤੇ ਰੋਜ਼ਗਾਰ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਅਸੀਂ ਸਾਰੇ ਨਵੇਂ ਉਦਯੋਗਾਂ ਵਾਸਤੇ 75 ਫੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਨੂੰ ਦੇਣਾ ਲਾਜ਼ਮੀ ਕਰਾਂਗੇ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਮਿਲਣ। ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਅਸੀਂ ਸਰਕਾਰੀ ਅਤੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਤੇ ਮੈਡੀਕਲ ਕਾਲਜਾਂ ਵਿਚ 50 ਫੀਸਦੀ ਰਾਖਵਾਂਕਰਨ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਯਕੀਨੀ ਬਣਾਵਾਂਗੇ।ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਵਿਸ਼ਵ ਕਬੱਡੀ ਕੱਪ ਮੁੜ ਸ਼ੁਰ ਕਰਵਾਏਗੀ ਅਤੇ ਕੁਸ਼ਤੀ ਵਿਸ਼ਵ ਕੱਪ ਵੀ ਸ਼ੁਰੂ ਕੀਤਾ ਜਾਵੇਗਾ। ਅਸੀਂ ਰੇਸ ਕੋਰਸ ਸਥਾਪਿਤ ਕਰਾਂਗੇ ਅਤੇ ਕਬੂਤਰਬਾਜ਼ੀ ਟੂਰਨਾਮੈਂਟ ਸ਼ੁਰੂ ਕਰਾਂਗੇ ਤੇ ਨਾਲ ਹੀ ’ਸੀਪ’ ਟੂਰਨਾਮੈਂਟ ਤੇ ਪਸ਼ੂ ਮੇਲੇ ਸ਼ੁਰੂ ਕਰਾਂਗੇ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ ਆਪ ਸਰਕਾਰ ਅਟਾਰੀ ਅਤੇ ਨੇੜਲੇ ਹਲਕਿਆਂ ਦੇ ਹੜ੍ਹ ਮਾਰੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮ ਰਹੀ ਹੈ ਅਤੇ ਉਹਨਾਂ ਨੇ ਗੈਂਗਸਟਰਵਾਦ ਦੀ ਗੱਲ ਵੀਕੀਤੀ ਜੋ ਸੂਬੇ ਦਾ ਸਮਾਜਿਕ ਢਾਂਚਾ ਤਬਾਹ ਕਰ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਸੰਬੋਧਨ ਕੀਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਜੋ ਲੋਕਾਂ ਦੇ ਔਖੇ ਵੇਲੇ ਨਾਲ ਖੜ੍ਹੇ ਹੋਏ ਅਤੇ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਕਿਸਾਨਾਂ ਦੀ ਉਦੋਂ ਮਦਦ ਕੀਤੀ ਜਦੋਂ ਆਪ ਸਰਕਾਰ ਉਹਨਾਂ ਨੂੰ ਛੱਡ ਕੇ ਭੱਜ ਗਈ ਸੀ।

Comments
Post a Comment