ਐਨ ਕੇ ਸ਼ਰਮਾ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਸਕੂਲ ਸਿੱਖਿਆ ਵਿਚ ਕੁਝ ਵੀ ਨਾ ਹੋਣ ਦੇ ਮੁੱਖ ਮੰਤਰੀ ਦੇ ਝੂਠ ਨੂੰ ਲਿਆ ਕਰੜੇ ਹੱਥੀਂ
ਐਨ ਕੇ ਸ਼ਰਮਾ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਸਕੂਲ ਸਿੱਖਿਆ ਵਿਚ ਕੁਝ ਵੀ ਨਾ ਹੋਣ ਦੇ ਮੁੱਖ ਮੰਤਰੀ ਦੇ ਝੂਠ ਨੂੰ ਲਿਆ ਕਰੜੇ ਹੱਥੀਂ, ਕਿਹਾ ਕਿ ਉਹ ਦੱਸਣ ਕਿ ਸਕੂਲ ਸਿੱਖਿਆ ਬੇਹਤਰ ਕਰਨ ਵਾਸਤੇ ਆਪ ਸਰਕਾਰ ਨੇ ਕਿਹੜਾ ਇਕ ਕੰਮ ਕੀਤਾ
ਕਿਹਾ ਕਿ ਆਪ ਸਰਕਾਰ ਦੇ ਅਧੀਨ ਸਿੱਖਿਆ ਖੇਤਰ ਦਾ ਸਭ ਤੋਂ ਮਾੜਾ ਹਾਲ ਹੋਇਆ
ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਵਪਾਰ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਵਿਚ ਸਕੂਲਾਂ ਨੂੰ ਮੁੜ ਪੇਂਟ ਕਰਨ ਤੋਂ ਇਲਾਵਾ ਤੇ ਇਹਨਾਂ ਦਾ ਨਾਮ ਬਦਲਣ ਤੋਂ ਇਲਾਵਾ ਸਕੂਲ ਸਿੱਖਿਆ ਖੇਤਰ ਵਿਚ ਹੋਰ ਕਿਹੜਾ ਕੰਮ ਹੋਇਆ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਸਿੱਖਿਆ ਖੇਤਰ ਦੀ ਕਾਰਗੁਜ਼ਾਰੀ ਹੁਣ ਤੱਕ ਸਭ ਤੋਂ ਨੀਵੇਂ ਪੱਧਰ ਦੀ ਰਹੀ ਹੈ। ਮੁੱਖ ਮੰਤਰੀ ਵੱਲੋਂ ਝੂਠ ਬੋਲਣ ਤੇ ਇਹ ਦਾਅਵਾ ਕਰਨ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਕੂਲ ਸਿੱਖਿਆ ਨੂੰ ਅਣਗੋਲਿਆ ਕੀਤਾ ਗਿਆ, ਐਨ ਕੇ ਸ਼ਰਮਾ ਨੇ ਕਿਹਾ ਕਿ ਅਸਲੀਅਤ ਇਸ ਤੋਂ ਉਲਟ ਹੈ।
ਇਸ ਝੂਠ ਨੂੰ ਬੇਨਕਾਬ ਕਰਨ ਵਾਸਤੇ ਅੰਕੜੇ ਜਾਰੀ ਕਰਦਿਆਂ ਸ਼ਰਮਾ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਰ 27 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਸੀ ਜਦੋਂ ਆਪ ਸਰਕਾਰ ਵਿਚ ਇਹ ਅਨੁਪਾਤ 47 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਦਾ ਹੋ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਵੇਲੇ ਕੋਈ ਵੀ ਨਵਾਂ ਸਕੂਲ ਨਹੀਂ ਬਣ ਸਕਿਆ ਤੇ ਸਕੂਲਾਂ ਵਿਚ ਵਿਦਿਆਰਥੀਆਂ ਵੱਲੋਂ ਸਿੱਖਿਆਂ ਦੀ ਦਰ ਵੀ 80 ਹਜ਼ਾਰ ਵਿਦਿਆਰਥੀਆਂ ’ਤੇ ਪਹੁੰਚ ਗਈ। ਉਹਨਾਂ ਕਿਹਾ ਕਿ 2431 ਸਕੂਲਾਂ ਵਿਚ ਸਿਰਫ ਇਕ ਅਧਿਆਪਕ ਹੈ ਤੇ ਸੂਬੇ ਦੇ 20 ਫੀਸਦੀ ਸਕੂਲਾਂ ਵਿਚ ਸਿਰਫ 30 ਵਿਦਿਆਰਥੀ ਹੀ ਬਾਕੀ ਰਹਿ ਗਏ ਹਨ। ਵਪਾਰ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ 120 ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ 44 ਫੀਸਦੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ ਹਨ। ਉਹਨਾਂ ਕਿਹਾ ਕਿ ਬਲਾਕ ਪੱਧਰ ’ਤੇ 50 ਫੀਸਦੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ ਹਨ। ਐਨ ਕੇ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬੀਆਂ ਵਿਦਿਆਰਥੀਆਂ ਨੂੰ ਅਨਪੜ੍ਹ ਬਣਾਉਣ ਵਾਸਤੇ ਇਕ ਵਿਆਪਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿਚ ਸਟਾਫ ਦੀ ਭਰਤੀ ਦੇ ਮਾਮਲੇ ਵਿਚ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਮਾਮਲੇ ਵਿਚ ਵੀ ਕੱਖ ਨਹੀਂ ਕੀਤਾ ਗਿਆ।
ਅਕਾਲੀ ਆਗੂ ਨੇ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਦੇ ਮੁਕਾਬਲੇ ਸਕੂਲ ਸਿੱਖਿਆ ਵਿਚ ਪੰਜਾਬ ਨੇ 14 ਤੋਂ ਵੱਧ ਕੇ ਤੀਜਾ ਸਥਾਨ ਹਾਸਲ ਕੀਤਾ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਵੇਲੇ 80 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ, ਮੈਰੀਟੋਰੀਅਸ ਸਕੂਲ ਸਥਾਪਿਤ ਕੀਤੇ ਗਏ, 3367 ਨਵੇਂ ਸਕੂਲ ਸਥਾਪਿਤ ਕੀਤੇ ਗਏ ਤੇ ਵਿਦਿਆਰਥੀਆਂ ਵੱਲੋਂ ਸਕੂਲ ਛੱਡਣ ਦੀ ਦਰ ਘਟੀ। ਉਹਨਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਸੈਂਟਰ ਵਰਗੇ ਲੜਕੇ ਤੇ ਲੜਕੀਆਂ ਲਈ ਆਰਮਡ ਪ੍ਰੀਪਰੇਟਰੀ ਸੈਂਟਰਾਂ ਤੋਂ ਲਾਭ ਮਿਲਿਆ ਜਿਸਦੀ ਬਦੌਲਤ ਅਨੇਕਾਂ ਵਿਦਿਆਰਥੀ ਸਾਡੀਆਂ ਹਥਿਆਰਬੰਦ ਫੌਜਾਂ ਵਾਸਤੇ ਚੁਣੇ ਗਏ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਸਕੀਮ ਦਾ ਵੀ ਲਾਭ ਮਿਲਿਆ ਅਤੇ ਲੜਕੀਆਂ ਨੂੰ 4.82 ਲੱਖ ਸਾਈਕਲਾਂ ਵੀ ਵੰਡੀਆਂ ਗਈਆਂ। ਸ਼ਰਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣਾ ਯਾਦਦਾਸ਼ਤ ਤੇਜ਼ ਕਰਨ ਅਤੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ 13 ਨਵੀਂਆਂ ਯੂਨੀਵਰਸਿਟੀਆਂ, ਇਕ ਆਈ ਆਈ ਟੀ ਅਤੇ ਆਈ ਆਈ ਐਮ ਤੋਂ ਇਲਾਵਾ ਨੈਨੋਟੈਕਨਾਲਜੀ ਇੰਸਟੀਚਿਊਟ ਅਤੇ ਐਨ ਏ ਬੀ ਆਈ ਸੰਸਥਾ ਸਥਾਪਿਤ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 297 ਹੁਨਰ ਸਿੱਖਲਾਈ ਕੇਂਦਰ ਵੀ ਸਥਾਪਿਤ ਕੀਤੇ।

Comments
Post a Comment