ਅਕਾਲੀ ਦਲ ਵੱਲੋਂ ਐਸ ਐਸ ਪੀ ਪਟਿਆਲਾ ਦੀ ਵਾਇਰਲ ਆਡੀਓ/ਵੀਡੀਓ ਜਾਂਚ ਲਈ ਸੀ ਐਫ ਐਸ ਐਲ ਚੰਡੀਗੜ੍ਹ ਭੇਜਣ ਦੇ ਹਾਈ ਕੋਰਟ ਦੇ ਹੁਕਮਾਂ ਦਾ ਸਵਾਗਤ
ਅਕਾਲੀ ਦਲ ਵੱਲੋਂ ਐਸ ਐਸ ਪੀ ਪਟਿਆਲਾ ਦੀ ਵਾਇਰਲ ਆਡੀਓ/ਵੀਡੀਓ ਜਾਂਚ ਲਈ ਸੀ ਐਫ ਐਸ ਐਲ ਚੰਡੀਗੜ੍ਹ ਭੇਜਣ ਦੇ ਹਾਈ ਕੋਰਟ ਦੇ ਹੁਕਮਾਂ ਦਾ ਸਵਾਗਤ
ਮਾਮਲੇ ਦੀ ਪੈਰਵੀ ਤਰਕਸੰਗਤ ਹੱਲ ਤੱਕ ਕਰਕੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ : ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ 4 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦਾ ਸਵਾਗਤ ਕੀਤਾ ਜਿਸ ਵਿਚ ਅਦਾਲਤ ਨੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੀ ਵਾਇਰਲ ਆਡੀਓ ਜਾਂਚ ਲਈ ਚੰਡੀਗੜ੍ਹ ਫੋਰੈਂਸਿਕ ਲੈਬ ਵਿਚ ਭੇਜਣ ਦੇ ਹੁਕਮ ਦਿੱਤੇ ਹਨ ਅਤੇ ਪਾਰਟੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਤਰਕਸੰਗਤ ਹੱਲ ਤੱਕ ਪੈਰਵੀ ਕਰੇਗੀ ਤਾਂ ਜੋ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਮਿਲ ਸਕੇ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਇਸ ਮਾਮਲੇ ’ਤੇ ਅੱਜ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਵੱਲੋਂ ਸੁਣਵਾਈ ਕੀਤੀਗਈ ਜਿਸ ਦੌਰਾਨ ਅਦਾਲਤ ਨੇ ਮੁੱਖ ਚੋਣ ਅਫਸਰ ਰਾਜ ਕਮਲ ਚੌਧਰੀ ਦੀ ਇਸ ਲਈ ਝਾੜ ਝੰਬ ਕੀਤੀ ਕਿ ਉਹ 10 ਦਸੰਬਰ 2025 ਨੂੰ ਅਦਾਲਤ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਇੰਨ ਬਿਨ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਹੁਕਮ ਦਿੱਤੇ ਸਨ ਕਿ ਵਾਇਰਲ ਆਡੀਓ ਜਾਂਚ ਵਾਸਤੇ ਕਿਸੇ ਨਿਰਪੱਖ ਏਜੰਸੀ ਕੋਲ ਭੇਜੀ ਜਾਵੇ ਜੋ ਪੰਜਾਬ ਸਰਕਾਰ ਦੇ ਅਧੀਨ ਨਾ ਹੋਵੇ।
ਉਹਨਾਂ ਕਿਹਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਇਹ ਆਡੀਓ ਮੁਹਾਲੀ ਫੋਰੈਂਸਿਕ ਲੈਬ ਨੂੰ ਭੇਜੀ ਗਈ ਜੋ ਕਿ ਸਿੱਧੀ ਪੰਜਾਬ ਸਰਕਾਰ ਦੇ ਅਧੀਨ ਹੈ। ਉਹਨਾਂ ਕਿਹਾ ਕਿ ਜਦੋਂ ਚੌਧਰੀ ਦੇ ਵਕੀਲ ਨੇ ਦੱਸਿਆ ਕਿ ਉਹਨਾਂ ਨੇ ਮਾਮਲਾ ਪੰਜਾਬ ਸਰਕਾਰ ਕੋਲ ਭੇਜਿਆ ਸੀ ਜਿਸਨੇ ਇਹ ਆਡੀਓ ਜਾਂਚ ਵਾਸਤੇ ਮੁਹਾਲੀ ਫੋਰੈਂਸਿਕ ਲੈਬ ਨੂੰ ਭੇਜੀ ਹੈ ਤਾਂ ਇਸ ’ਤੇ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਚੋਣ ਜ਼ਾਬਤ ਲਾਗੂ ਹੁੰਦਾ ਹੈ ਤਾਂ ਸਾਰਾ ਪ੍ਰਸ਼ਾਸਨਿਕ ਢਾਂਚਾ ਚੋਣ ਕਮਿਸ਼ਨ ਦੇ ਅਧੀਨ ਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਤੀਨਿਧਤਾ ਐਡਵੋਕੇਟ ਜਨਰਲ ਨੇ ਕੀਤੀ ਜਿਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ?
ਉਹਨਾਂ ਕਿਹਾ ਕਿ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਵਾਸਤੇ ਏ ਜੀ ਡੀ ਪੀ ਐਸ ਪੀ ਐਸ ਪਰਮਾਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਸ਼ਿਕਾਇਤਕਰਤਾ ਨੂੰ ਤਾਂ ਨੋਟਿਸ ਕੱਢ ਦਿੱਤੇ ਪਰ ਸਬੰਧਤ ਅਫਸਰਾਂ ਦੀ ਆਵਾਜ਼ ਦੇ ਸੈਂਪਲ ਨਹੀਂ ਲਏ ਗਏ। ਐਡਵੋਕੇਟ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦੇ ਵਕੀਲਾਂ ਦੀ ਝਾੜ ਝੰਬ ਤੋਂ ਬਾਅਦ ਹਾਈ ਕੋਰਟ ਨੇ ਆਡੀਓ ਜਾਂਚ ਵਾਸਤੇ ਚੰਡੀਗੜ੍ਹ ਫੋਰੈਂਸਿਕ ਲੈਬ ਕੋਲ ਭੇਜਣ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਅਦਾਲਤ ਦੇ ਇਹਨਾਂ ਹੁਕਮਾਂ ਦਾ ਸਵਾਗਤ ਕਰਦਾ ਹੈ ਅਤੇ ਉਹ ਇਸ ਮਾਮਲੇ ਦੀ ਤਰਕਸੰਗਤ ਹੱਲ ਤੱਕ ਪੈਰਵੀ ਕਰ ਕੇ ਦੋਸ਼ੀ ਅਫਸਰਾਂ ਨੂੰ ਕੀਤੇ ਗੁਨਾਹਾਂ ਦੀ ਸਜ਼ਾ ਮਿਲਣੀ ਯਕੀਨੀ ਬਣਾਵੇਗਾ।

Comments
Post a Comment