ਪੱਤਰਕਾਰਾਂ ਦੀ ਕਲਮ ਕਦੇ ਦਿਲ ਤੇ ਕਦੇ ਸਰਕਾਰਾਂ ਨੂੰ ਹਲੂਣਦੀ ਹੈ : ਹਰਪਾਲ ਚੀਮਾ
ਪੱਤਰਕਾਰਾਂ ਤੋਂ ਹੀ ਮਿਲਦੀ ਹੈ ਅਸਲੀ ਫੀਡਬੈਕ
ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟ ਦਾ 25ਵਾਂ ਸਾਲਾਨਾ ਸਮਾਗਮ , 21 ਸੂਬਿਆਂ ਦੇ ਪੱਤਰਕਾਰਾਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ 18 ਨਵੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਵੱਲੋਂ ਸਿਲਵਰ ਜੁਬਲੀ ਅਤੇ 25 ਵਾਂ ਸਾਲਾਨਾ ਸਮਾਗਮ ਅੱਜ ਚੰਡੀਗੜ੍ਹ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਸਨ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ–ਵੱਖ ਰਾਜਾਂ ਤੋਂ ਆਏ ਪੱਤਰਕਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਦਿਨ–ਰਾਤ ਦੇਸ਼ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹੈ। ਪੱਤਰਕਾਰਾਂ ਦੀ ਕਲਮ ਕਈ ਵਾਰ ਦਿਲ ਨੂੰ ਹਲੂਣ ਦਿੰਦੀ ਹੈ ਤੇ ਕਈ ਵਾਰ ਸਰਕਾਰਾਂ ਵੀ ਹਿਲ ਜਾਂਦੀਆਂ ਹਨ। ਪੱਤਰਕਾਰਾਂ ਦਾ ਮਾਨ–ਸਨਮਾਨ ਸਾਡੇ ਲਈ ਸਭ ਤੋਂ ਅਹਿਮ ਹੈ। ਉਹਨਾਂ ਕਿਹਾ ਕਿ ਪੱਤਰਕਾਰਾਂ ਤੋਂ ਮਿਲਣ ਵਾਲਾ ਫੀਡਬੈਕ ਹਕੀਕਤੀ ਹੁੰਦਾ ਹੈ। ਉਹਨਾਂ ਕਿਹਾ ਕਿ ਮੁਲਕ ਦੀ ਰਾਜਨੀਤੀ ਹੋਵੇ ਜਾਂ ਸਮਾਜ, ਕੋਈ ਵੀ ਵਰਗ ਹੋਵੇ ਉਸ ਵਿੱਚ ਪੱਤਰਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ। ਪੱਤਰਕਾਰ ਲਗਾਤਾਰ ਦਿਨ ਰਾਤ ਸਮਾਜ ਸੇਵਾ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਨਤਕ ਕਰਨ ਚ ਲੱਗਿਆ ਰਹਿੰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੰਸਥਾ ਦਾ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਮੌਕੇ ਉਹਨਾਂ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੱਤਰਕਾਰਾਂ ਦਾ ਕੰਮ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ ਤੇ ਉਹਨਾਂ ਦੀ ਜਿੰਮੇਵਾਰੀ ਵੱਧ ਗਈ ਹੈ। ਉਨਾਂ ਪੱਤਰਕਾਰਾਂ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਤੇ ਯੂਨੀਅਨ ਨੂੰ ਸਿਲਵਰ ਜੁਬਲੀ ਦੀ ਵਧਾਈ ਦਿੱਤੀ । ਇਸ ਤੋਂ ਪਹਿਲਾਂ ਸੀਪੀਯੂਜੇ ਦੇ ਪ੍ਰਧਾਨ ਵਿਨੋਦ ਕੋਹਲੀ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਅਤੇ ਕੀਤੇ ਗਏ ਸੰਘਰਸ਼ਾਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਸੀਪੀਯੂਜੇ ਨਾ ਸਿਰਫ ਸੂਬਾਈ ਪੱਧਰ ਉੱਤੇ ਸਗੋਂ ਕੌਮੀ ਪੱਧਰ ਉੱਤੇ ਵੀ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਹੈ। ਉਹਨਾਂ ਦੱਸਿਆ ਕਿ ਯੂਨੀਅਨ ਦੇ ਨੁਮਾਇੰਦੇ ਹਾਲ ਹੀ ਵਿੱਚ ਬੰਗਲੌਰ ਵਿੱਚ ਕਰਾਈ ਗਈ ਯੂਨੈਸਕੋ ਵਰਕਸ਼ਾਪ ਵਿੱਚ ਵੀ ਹਿੱਸਾ ਲੈ ਕੇ ਆਏ ਹਨ। ਇਸ ਦੌਰਾਨ ਪ੍ਰਾਚੀਨ ਕਲਾ ਕੇਂਦਰ ਦੇ ਬੱਚਿਆਂ ਨੇ ਵੰਦੇ ਮਾਤਰਮ ਪੇਸ਼ ਕੀਤਾ। ਸਮਾਗਮ ਦੇ ਅਖੀਰ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਪੱਤਰਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੇਅਰ ਅਰੁਣ ਸੂਦ ਵੀ ਹਾਜ਼ਰ ਸਨ।

Comments
Post a Comment