6 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਜਥੇਬੰਦੀ ਕਰਨਗੀਆਂ ਪੰਜਾਬ ਸਰਕਾਰ ਦੇ ਜਬਰ ਵਿਰੁੱਧ ਮਾਰਚ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਭਾਰਤ ਵਿਚ ਕੀਤੀਆਂ ਜਾਣਗੀਆਂ ਕਿਸਾਨ ਬਚਾਉ ਵੱਡੀਆਂ ਰੈਲੀਆਂ
10 ਮਾਰਚ ਨੂੰ ਬਰਨਾਲਾ ਵਿਖੇ ਪੰਜਾਬ ਦੇ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਅਗਾਜ਼
*ਮੁਕਤ ਵਪਾਰ ਸਮਝੌਤਾ, ਬੀਜ ਬਿੱਲ 2025 ,ਬਿਜਲੀ ਬਿਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਵੳਣ ਲਈ ਬਰਨਾਲਾ ਕਿਸਾਨ ਬਚਾਉ ਰੈਲੀ ਦੀਆਂ ਤਿਆਰੀਆਂ ਮੁਕੰਮਲ*
23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਮਨਾਉਣ ਲਈ 12 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ
ਚੰਡੀਗੜ੍ਹ/ਲੁਧਿਆਣਾ 3 ਮਾਰਚ ( ਰਣਜੀਤ ਧਾਲੀਵਾਲ ) : ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਲੁਧਿਆਣਾ ਵਿਖੇ ਡਾ: ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਅਰਾਈਆਂ ਵਾਲਾ ਅਤੇ ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਛੇ ਮਾਰਚ ਨੂੰ ਬਠਿੰਡਾ ਵਿਖੇ ਕਿਸਾਨ ਮਾਰਚ , 10 ਮਾਰਚ ਨੂੰ ਬਰਨਾਲਾ ਵਿਖੇ ਕਿਸਾਨ ਬਚਾਓ ਰੈਲੀ, ਸ਼ੇਰੋਂ ਖੰਡ ਮਿੱਲ ਦੀਆਂ ਜ਼ਮੀਨਾਂ ਵੇਚਣ ਦੇ ਅਜੰਡਿਆ ਤੇ ਵਿਚਾਰ ਚਰਚਾ ਕਰਕੇ ਫੈਸਲੇ ਲਏ ਗਏ। ਮੀਟਿੰਗ ਨੇ ਵਿਚਾਰਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਚੰਡੀਗੜ੍ਹ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਖੋਹਿਆ, ਪੰਜ ਮਾਰਚ 2025 ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਮੋਰਚਾ ਨਹੀਂ ਲਾਉਣ ਦਿੱਤਾ ਗਿਆ ਤੇ ਰਾਹ ਵਿੱਚ ਜਬਰ ਕੀਤਾ ਗਿਆ, ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਜੇਲ੍ਹਾਂ ਵਿੱਚ ਡੱਕਿਆ ਗਿਆ ।
ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਤੇ ਜਬਰ ਜਾਰੀ ਹੈ। ਜਿਉਂਦ ਵਿੱਚ 700 ਏਕੜ ਜਮੀਨ ਰਿਲਾਇਸ ਕੰਪਨੀ ਨੂੰ ਧੱਕੇ ਨਾਲ ਦੇਣ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿਉਂਦ ਪਿੰਡ ਵਿੱਚ ਕੁੱਟਿਆ ਗਿਆ ਅਤੇ ਬਠਿੰਡਾ ਵਿੱਚ ਧਰਨਾ ਨਹੀਂ ਲਾਉਣ ਦਿੱਤਾ ਗਿਆ। ਬਠਿੰਡਾ ਵਿੱਚੋਂ ਵੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਗਿਆ। ਪੰਜਾਬ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਲਗਾਤਾਰ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਵਿਰੁੱਧ ਛੇ ਮਾਰਚ ਨੂੰ ਬਠਿੰਡਾ ਵਿੱਚ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ। ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਉਸ ਵਿੱਚ ਸ਼ਾਮਿਲ ਹੋਣਗੀਆ।
24 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਕੁਰੂਕਸ਼ੇਤਰ ਵਿੱਚ ਹੋਈ, ਜਿਸ ਵਿੱਚ 10 ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ ਸਾਰੇ ਭਾਰਤ ਵਿੱਚ ਕਿਸਾਨ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦਾ ਆਗਾਜ 10 ਮਾਰਚ ਨੂੰ ਪੰਜਾਬ ਵਿੱਚ ਬਰਨਾਲਾ ਵਿੱਚ ਵੱਡੀ ਕਿਸਾਨ ਰੈਲੀ ਕਰਕੇ ਕੀਤਾ ਜਾਵੇਗਾ । ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਾਉਣ ਲਈ, ਬਿਜਲੀ ਬਿੱਲ 2025 ਰੱਦ ਕਰਾਉਣ ਲਈ, ਬੀਜ ਬਿੱਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਦੇ ਕਰਜੇ ਦੇ ਲੀਕ ਮਰਵਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਦਾ ਹੱਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। 10 ਮਾਰਚ ਨੂੰ ਬਰਨਾਲਾ ਰੈਲੀ ਵਿੱਚ 50 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। 10 ਮਾਰਚ ਦੀ ਬਰਨਾਲਾ ਰੈਲੀ ਦੀ ਪ੍ਰਬੰਧਕ ਕਮੇਟੀ, ਸੰਚਾਲਨ ਕਮੇਟੀ ਅਤੇ ਹੋਰ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਾਰੇ ਭਾਰਤ ਵਿੱਚ ਸਾਮਰਾਜ ਵਿਰੋਧੀ ਦਿਨ ਵਜੋ ਮਨਾਇਆ ਜਾਵੇਗਾ। ਜਿਸ ਦੀ ਤਿਆਰੀ ਮੀਟਿੰਗ 12 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਕਰਕੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਵਿੱਚ ਫੈਸਲਾ ਲਿਆ ਜਾਵੇਗਾ। ਸਾਰੇ ਪੰਜਾਬ ਵਿੱਚ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਕਿਸਾਨ, ਵਿਦਿਆਰਥੀ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਂਝਾ ਮਨਾਉਣਗੀਆਂ ਅਤੇ ਅਮਰੀਕਨ ਸਾਮਰਾਜ ਵੱਲੋਂ ਪੂਰੀ ਦੁਨੀਆਂ ਵਿੱਚ ਮਚਾਏ ਅਤੰਕੀ ਜੰਗ ਦਾ ਵਿਰੋਧ ਕਰਨਗੀਆਂ। ਅੱਜ ਦੀ ਮੀਟਿੰਗ ਵਿੱਚ ਸਰਬ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ ,ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਰਘਬੀਰ ਸਿੰਘ ,ਪਰਮਿੰਦਰ ਸਿੰਘ ਪਾਲ ਮਾਜਰਾ, ਬੂਟਾ ਸਿੰਘ ਬੁਰਜ ਗਿੱਲ, ਹਰਦੇਵ ਸਿੰਘ ਸੰਧੂ , ਰਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ ,ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਵਿੰਦਰ ਸਿੰਘ ਢਿੱਲੋਂ ,ਹਰਭਜਨ ਸਿੰਘ ਬੁੱਟਰ , ਬਲਦੇਵ ਸਿੰਘ ਲਤਾਲਾ, ਪ੍ਰੇਮ ਸਿੰਘ ਭੰਗੂ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

Comments
Post a Comment