8 ਮਾਰਚ ਦੇ ਵਿਧਾਨ ਸਭਾ ਘਿਰਾਓ ਲਈ ਕਮਰ ਕੱਸੇ, ਜੰਗਲਾਤ ਕਾਮਿਆਂ ਵਿੱਚ ਸਰਕਾਰ ਪ੍ਰਤੀ ਰੋਸ ਦੀ ਲਹਿਰ
ਐਸ.ਏ.ਐਸ.ਨਗਰ 5 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ 8 ਮਾਰਚ ਦੇ ਵਿਧਾਨ ਸਭਾ ਵੱਲ ਮਾਰਚ ਦੌਰਾਨ ਪੰਜਾਬ ਭਰ ਤੋਂ ਜੰਗਲਾਤ ਕਾਮੇਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।ਇਸ ਗੱਲ ਦਾ ਪ੍ਰਗਟਾਵਾ ਜੰਗਲਾਤ ਵਰਕਰਜ ਯੂਨੀਅਨ ਪੰਜਾਬ (ਮੁੱਖ ਦਫਤਰ 1406/22 -ਬੀ ਚੰਡੀਗੜ੍ਹ) ਦੇ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਗੜ੍ਹਸ਼ੰਕਰ ਨੇ ਇਥੇ ਮੀਟਿੰਗ ਉਪਰੰਤ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਅੰਦਰ ਲੰਬੇ ਸਮੇਂ ਤੋਂ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਕਾਮਿਆਂ ਨੂੰ ਨਿਰਾਸ਼ ਕੀਤਾ ਹੈਂ। ਚਿਰਾਂ ਤੋਂ ਉਡੀਕੀ ਜਾ ਰਹੀ ਰੈਗੂਲਰ ਕਰਨ ਦੀ ਪਾਲਿਸੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘਟੀਆ ਦਰਜੇ ਦੀ ਪਾਲਿਸੀ ਹੈ।ਜਿਸ ਨਾਲ ਨਾਂ ਮੁਲਾਜ਼ਮਾਂ ਨੂੰ ਮਹਿਗਾਈ ਭੱਤਾ, ਨਾਂ ਹੀ ਕੋਈ ਮੈਡੀਕਲ ਜਾਂ ਹੋਰ ਭੱਤਾ ਇਥੋਂ ਤੱਕ ਕਿ ਡਿਊਟੀ ਦੌਰਾਨ ਕਰਮਚਾਰੀ ਦੀ ਮੌਤ ਉਪਰੰਤ ਵੀ ਕੋਈ ਸੁਵਿਧਾ ਮ੍ਰਿਤਕ ਦੇ ਪਰਿਵਾਰ ਨੂੰ ਮਿਲਣਯੋਗ ਨਹੀਂ, ਕਿਉਂਕਿ ਇਸ ਨੀਤੀ ਵਿੱਚ ਇੰਨਾ ਸਭ ਗੱਲਾਂ ਬਾਰੇ ਕੋਈ ਜ਼ਿਕਰ ਨਹੀਂ ਹੈ।
ਉਨਾਂ ਇੱਕ ਹੋਰ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਰਕਾਰ ਵਲੋਂ ਇਹ ਵੀ ਨਵੀਂ ਪਿਰਤ ਪਾਈ ਗਈ ਕਿ ਜਦੋਂ ਕਦੇ ਵੀ ਪੰਜਾਬ ਭਰ ਤੋਂ ਕਾਮੇਂ ਇੱਕਠੇ ਹੋ ਕੇ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਤਾਂ ਉਥੇ ਦੇ ਪ੍ਰਸ਼ਾਸਨ ਵੱਲੋਂ ਵਲੋਂ ਮੀਟਿੰਗ ਦਾ ਪੱਤਰ ਦੇ ਦਿੱਤਾ ਜਾਂਦਾ ਰਿਹਾ, ਲੇਕਿਨ ਜਦੋਂ ਮੀਟਿੰਗ ਵਾਲੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਗੂ ਮੀਟਿੰਗ ਕਰਨ ਲਈ ਚੰਡੀਗੜ੍ਹ ਸਕੱਤਰੇਤ ਵਿਖੇ ਪੁਜਦੇ ਅਤੇ ਵਿੱਤ ਮੰਤਰੀ ਜੀ ਦੇ ਦਫ਼ਤਰ ਸੰਪਰਕ ਕਰਨ ਤੇ ਪਤਾ ਲੱਗਦਾ ਕਿ ਮੀਟਿੰਗ ਬਾਰੇ ਉਥੇ ਕੋਈ ਸੂਚਨਾ ਨਹੀਂ ਤੇ ਇਸ ਤਰ੍ਹਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋ ਆਏ ਆਗੂ ਨਿਰਾਸ਼ ਵਾਪਸ ਜਾਂਦੇ।ਹਾਲ ਹੀ ਵਿੱਚ ਇਹ ਵਰਤਾਰਾ ਦੋ ਵਾਰ ਵਾਪਰ ਚੁੱਕਾ ਹੈ।ਜਿਸ ਨਾਲ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਪਹੁੰਚ ਦਾ ਪਤਾ ਲੱਗਦਾ ਹੈ। ਜਿਸ ਕਾਰਨ ਜੰਗਲਾਤ ਕਾਮਿਆਂ ਦੇ ਮਨਾਂ ਵਿੱਚ ਬਹੁਤ ਗੁੱਸਾ ਹੈ।
ਇਸ ਲਈ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਰੋਸ ਮੁਜ਼ਾਹਰੇ ਦੌਰਾਨ ਪੰਜਾਬ ਭਰ ਤੋਂ ਵਹੀਕਲਾ ਰਾਹੀ ਜੰਗਲਾਤ ਕਾਮੇਂ ਚੰਡੀਗੜ੍ਹ ਆਉਣਗੇ।ਜੇਕਰ ਜਲਦੀ ਹੀ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਦੌਰਾਨ ਭਾਰੀ ਕੀਮਤ ਚੁਕਾਉਣੀ ਪਵੇਗੀ।ਇਸ ਮੌਕੇ ਜੰਗਲਾਤ ਵਰਕਰਜ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੌਜਾ, ਅਮਨਦੀਪ ਸਿੰਘ ਛੱਤ ਬੀੜ,ਰਵੀ ਲੁਧਿਆਣਾ ਅਤੇ ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਵੀ ਹਾਜ਼ਰ ਸਨ।

Comments
Post a Comment