ਕਾਂਗਰਸ ਨੇ ਪੰਜਾਬ ਦੀ ਵਿੱਤੀ ਸਥਿਤੀ ਤੇ ਵਾਈਟ ਪੇਪਰ ਲਿਆਉਣ ਦੀ ਮੰਗ ਕੀਤੀ
ਆਪ ਸਰਕਾਰ ਵੱਲੋਂ ਲਏ ਬੇਲਗਾਮ ਕਰਜੇ ਨੇ ਪੰਜਾਬ ਨੂੰ ਦੀਵਾਲੀਆਪਨ ਵਿੱਚ ਧੱਕਿਆ : ਵੜਿੰਗ
ਚੰਡੀਗੜ੍ਹ 5 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਨੇ ਸੂਬੇ ਦੀ ਖਰਾਬ ਹੋ ਰਹੀ ਆਰਥਿਕ ਹਾਲਤ ਨੂੰ ਲੈ ਕੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ, ਜਿਹੜਾ ਕਰਜ਼ਾ 4 ਲੱਖ ਕਰੋੜ ਰੁਪਏ ਦੀ “ਰੇਡਲਾਈਨ” ਨੂੰ ਪਾਰ ਕਰ ਚੁੱਕਾ ਹੈ ਅਤੇ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਇਹ ਲਗਭਗ 4.17 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਖਦਸ਼ਾ ਹੈ। ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਬੇਲਗਾਮ ਕਰਜ਼ਾ ਨੀਤੀ ਨੇ ਪੰਜਾਬ ਨੂੰ ਦਿਵਾਲਿਆਂ ਹੋਣ ਦੇ ਕਿਨਾਰੇ ‘ਤੇ ਪਹੁੰਚਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ‘ਤੇ ਵੱਧ ਰਹੇ ਕਰਜ਼ੇ ਦੇ ਬੋਝ ‘ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਹੈ ਕਿ ਜਿੰਨਾ ਪਿਛਲੀਆਂ ਤਿੰਨ ਦਹਾਕਿਆਂ ਦੀਆਂ ਸਰਕਾਰਾਂ ਨੇ ਮਿਲ ਕੇ ਕਰਜ਼ਾ ਲਿਆ ਸੀ, ਉਨਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਾਲਾਂ ਦੌਰਾਨ ਲੈ ਲਿਆ ਹੈ।
ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 30 ਸਾਲਾਂ ਦੌਰਾਨ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜਾ ਲਿਆ ਸੀ, ਜਦਕਿ ਆਪ ਸਰਕਾਰ ਨੇ ਚਾਰ ਸਾਲਾਂ ਦੌਰਾਨ ਹੀ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਜੋੜ ਦਿੱਤਾ ਅਤੇ ਇਹ ਕਰਜ਼ਾ ਵੱਡੇ ਪੱਧਰ ‘ਤੇ ਗੈਰ-ਉਤਪਾਦਕ ਮਕਸਦਾਂ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੋਈ ਵੱਡਾ ਢਾਂਚਾਗਤ ਵਿਕਾਸ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਗਿਆ।
ਵੜਿੰਗ ਨੇ ਕਿਹਾ ਕਿ ਇਹ ਗੱਲ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿੱਤੀ ਸਿਆਣਪ ਅਤੇ ਆਮਦਨੀ ਵਧਾਉਣ ਦੇ ਦਾਅਵਿਆਂ ਦੇ ਉਲਟ ਹੈ। ਹੁਣ ਹਾਲਤ ਇਹ ਹੈ ਕਿ ਸਰਕਾਰ ਨੂੰ ਪੁਰਾਣੇ ਕਰਜ਼ਿਆਂ ਦਾ ਵਿਆਜ ਭਰਨ ਲਈ ਨਵਾਂ ਕਰਜ਼ਾ ਲੈਣਾ ਪੈ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਐਨੀ ਨਾਜ਼ੁਕ ਆਰਥਿਕ ਸਥਿਤੀ ਦੇ ਬਾਵਜੂਦ ਸਰਕਾਰ ਵਿਗਿਆਪਨਾਂ, ਹੋਰਡਿੰਗਾਂ, ਬੈਨਰਾਂ ਅਤੇ ਸਰਕਾਰੀ ਸੰਪਤੀ ਦੇ ਰੰਗ-ਰੋਗਨ ਵਰਗੀਆਂ ਗੈਰ-ਉਤਪਾਦਕ ਖਰਚਾਂ ‘ਤੇ ਪੈਸਾ ਖਰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਪੈਸਾ ਸਿਆਸੀ ਬ੍ਰਾਂਡਿੰਗ ਲਈ ਨਹੀਂ ਹੁੰਦਾ। ਜਦੋਂ ਸੂਬਾ ਕਰਜ਼ੇ ਵਿੱਚ ਡੁੱਬਿਆ ਹੋਵੇ, ਤਾਂ ਹਰ ਇਕ ਰੁਪਇਆ ਪੰਜਾਬ ਦੀ ਅਰਥ ਵਿਵਸਥਾ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਪਾਰਟੀ ਦੀ ਛਵੀ ਚਮਕਾਉਣ ਲਈ ਬਰਬਾਦ ਕੀਤਾ ਜਾਣਾ ਚਾਹੀਦਾ ਹੈ।

Comments
Post a Comment