ਫੂਲਕਾ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਮੌਕਾਪ੍ਰਸਤੀ ਦਾ ਪ੍ਰਦਰਸ਼ਨ : ਵੜਿੰਗ
ਚੰਡੀਗੜ੍ਹ 01 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐੱਚ ਐੱਸ ਫੂਲਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਮੌਕਾਪਰਸਤੀ ਦਾ ਪ੍ਰਦਰਸ਼ਨ ਕਰਾਰ ਦਿੰਦਿਆਂ, ਕਿਹਾ ਹੈ ਕਿ ਇਸਦਾ ਪੰਜਾਬ ਦੀ ਸਿਆਸਤ ‘ਤੇ ਦਿਨ ਭਰ ਦੀਆਂ ਖਬਰਾਂ ਤੋਂ ਵੱਧ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਭਾਜਪਾ ਦੀ ਨਿਰਾਸ਼ਾ ਨੂੰ ਵੀ ਦਰਸਾਉਂਦਾ ਹੈ, ਜਿਸਨੂੰ ਉਹ ਚੋਣਾਂ ਲਈ ਬਾਹਰਲੇ ਲੋਕਾਂ ਨੂੰ ਸ਼ਾਮਲ ਕਰਕੇ ਦਰਸਾ ਰਹੀ ਹੈ। ਵੜਿੰਗ ਨੇ ਕਿਹਾ ਕਿ ਜੋਕਰ ਪਾਰਟੀ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਦੀ ਦਾਅਵੇਦਾਰ ਹੁੰਦੀ ਹੈ, ਉਹ ਇਸ ਤਰ੍ਹਾਂ ਸਿਰਫ ਬਾਹਰਲੇ ਆਗੂਆਂ ‘ਤੇ ਨਿਰਭਰ ਨਹੀਂ ਕਰਦੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਾਜਪਾ ਦੀ ਮੁੱਖ ਅਗਵਾਈ ਪਹਿਲਾਂ ਹੀ ਦੂਜੀ ਪਾਰਟੀਆਂ ਨਾਲ ਸੰਬੰਧਿਤ ਰਹੀ ਹੈ। ਇਹਨਾਂ ਦੇ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਵਿੱਚ ਰਹੇ ਹਨ। ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵਰਗੇ ਕੁਝ ਨਾਂਮ ਹਨ। ਉਹਨਾਂ ਦਾ ਸਵਾਲ ਕੀਤਾ ਕਿ ਭਾਜਪਾ ਦੇ ਪਰੰਪਰਾਗਤ ਆਗੂ ਕਿੱਥੇ ਹਨ।
ਜਦਕਿ ਫੂਲਕਾ ਬਾਰੇ ਗੱਲ ਕਰਦਿਆਂ, ਵੜਿੰਗ ਨੇ ਕਿਹਾ ਕਿ ਉਹ ਇਨ੍ਹਾਂ ਦੇ ਪੁਰਾਣੇ ਬਿਆਨਾਂ ਨੂੰ ਖੰਗਾਲਣਾ ਨਹੀਂ ਚਾਹੁੰਦੇ ਹਨ, ਪਰ ਇਹ ਲੋਕਾਂ ਦੀ ਯਾਦ ਵਿੱਚ ਅਜੇ ਵੀ ਤਾਜ਼ਾ ਹਨ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਫੂਲਕਾ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਤਾਂ ਉਸ ਵੇਲੇ ਵੀ ਇਨ੍ਹਾਂ ਨੇ ਲਗਭਗ ਇਸੇ ਤਰ੍ਹਾਂ ਦੇ ਬਿਆਨ ਦਿੱਤੇ ਸਨ, ਜਿਵੇਂ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਦਿੱਤੇ ਹਨ। ਇਸਦੇ ਦੌਰਾਨ ਵੜਿੰਗ ਨੇ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਖੜੀ ਫਸਲ ਨੂੰ ਹੋਏ ਵੱਡੇ ਨੁਕਸਾਨ ‘ਤੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਸਰਕਾਰ ਤੋਂ ਤੁਰੰਤ ਸਮਾਂਬੱਧ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Comments
Post a Comment