ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,
ਸਰਕਾਰ ਨੂੰ ਸਖ਼ਤ ਚੇਤਾਵਨੀ, ਭਵਿੱਖ ਵਿੱਚ ਭਾਰੀ ਕੀਮਤ ਚੁਕਾਉਣੀ ਪਵੇਗੀ।
ਐਸ.ਏ.ਐਸ. ਨਗਰ 12 ਮਾਰਚ ( ਰਣਜੀਤ ਧਾਲੀਵਾਲ ) : ਅੱਜ ਦਾ ਦਿਨ ਪੰਜਾਬ ਦੇ ਅਧਿਆਪਕਾਂ ਲਈ ਕਾਲਾ ਦਿਨ ਹੋ ਨਿਬੜਿਆ ਜਦੋਂ ਕਿ ਇੱਕ ਹਫਤੇ ਦੇ ਅੰਦਰ ਅੰਦਰ ਦੂਜੀ ਵਾਰ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਚੰਡੀਗੜ੍ਹ ਪਹੁੰਚੇ ਅਧਿਆਪਕ ਭੈਣਾਂ ਤੇ ਵੀਰਾਂ ਤੇ ਪਾਣੀ ਦੀਆਂ ਬੁਛਾਰਾਂ, ਲਾਠੀਚਾਰਜ ,ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਤੇ ਮੁਲਾਜ਼ਮ ਆਗੂ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਬੱਚਿਆਂ ਦੇ ਪੇਪਰ ਚਲਦੇ ਹੋਣ ਕਾਰਨ ਸਭ ਤੋਂ ਜਰੂਰੀ ਗੱਲ ਅਧਿਆਪਕਾਂ ਨੂੰ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ। ਪ੍ਰੰਤੂ ਪੰਜਾਬ ਦੀ ਸਰਕਾਰ ਨੇ ਇੱਕ ਟੈਟ ਦੀ ਬੇਲੋੜੀ ਸ਼ਰਤ ਲਗਾਕੇ ।ਉਸ ਦਾ ਕੋਈ ਹੱਲ ਨਾ ਕੱਢ ਕੇ ਅਧਿਆਪਕਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਅਧਿਆਪਕ ਵਰਗ ਦੇ ਦਿਨ ਦਾ ਚੈਨ ਤੇ ਰਾਤ ਦੀਆਂ ਨੀਂਦਾਂ ਹਰਾਮ ਕੀਤੀ ਹੋਈ ਹੈ। ਜਿਸਦੇ ਹੱਲ ਲਈ ਅਧਿਆਪਕ ਜਥੇਬੰਦੀਆਂ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਲਗਾਤਾਰ ਸਿੱਖਿਆ ਮੰਤਰੀ ਨੂੰ ਮਿਲੀਆਂ ਅਤੇ ਉਨਾਂ ਨੇ ਵਿਧਾਨ ਸਭਾ ਵਿੱਚ ਵਿਸ਼ੇਸ਼ ਮਤਾ ਲਿਆ ਕੇ ਬੇਲੋੜੇ ਟੈਟ ਦੇ ਟੈਸਟ ਤੋਂ ਛੋਟ ਦੇਣ ਦਾ ਯਕੀਨ ਵੀ ਦੁਆਇਆ। ਪ੍ਰੰਤੂ ਅੱਜ ਤੱਕ ਸੈਸ਼ਨ ਦੌਰਾਨ ਟੈਟ ਦੇ ਟੈਸਟ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਮੰਗਾਂ ਨੂੰ ਲੈ ਕੇ ਜਦੋਂ 8 ਮਾਰਚ ਨੂੰ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਮੁਲਾਜ਼ਮ ਚੰਡੀਗੜ੍ਹ ਪਹੁੰਚੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਤੇ ਅੰਨਾਂ ਤਸ਼ੱਦਦ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਤੇ ਅੱਥਰੂ ਗੈਸ ਦੇ ਅਣਗਿਣਤ ਗੋਲੇ ਸੁੱਟੇ ਗਏ। ਜਿਸ ਵਿੱਚ ਬਹੁਤ ਸਾਥੀ ਜਖਮੀ ਹੋਏ।
ਅੱਜ ਫਿਰ ਜਦੋਂ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਅਧਿਆਪਕ ਮੰਗ ਪੱਤਰ ਦੇਣਾ ਚਾਹੁੰਦੇ ਸਨ ਤਾਂ ਉਹਨਾਂ ਤੇ ਬਿਨਾਂ ਕਿਸੇ ਭੜਕਾਹਟ ਦੇ ਪਾਣੀ ਦੀਆਂ ਬੁਛਾੜਾਂ , ਲਾਠੀ ਚਾਰਜ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ। ਜਿਸ ਨਾਲ ਸਮੁੱਚੇ ਮੁਲਾਜ਼ਮ ਵਰਗ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੇ ਅੰਦੋਲਨ ਦਾ ਮੁੱਢ ਬੱਝ ਗਿਆ ਹੈ। ਜਿਸ ਦੀ ਪੰਜਾਬ ਸਰਕਾਰ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਮੌਕੇ ਡਾਕਟਰ ਹਜ਼ਾਰਾ ਸਿੰਘ ਚੀਮਾ, ਰਾਮ ਕਿਸ਼ਨ ਧੁਨਕਿਆ, ਅਜਮੇਰ ਸਿੰਘ ਲੌਂਗੀਆ, ਸੁਰੇਸ਼ ਕੁਮਾਰ ਠਾਕੁਰ,ਅਮਨਦੀਪ ਸਿੰਘ ਛੱਤ ਬੀੜ, ਜਗਦੀਸ਼ ਬਾਬਾ,ਸੁਲੱਖਣ ਸਿੰਘ ਸੀਸਵਾਂ, ਕੁਲਵਿੰਦਰ ਕੌਰ ਅੰਧੇਹੇੜੀ ਨੇ ਵੀ ਇਸ ਜਬਰ ਦੀ ਨਿਖੇਧੀ ਕੀਤੀ ਹੈ।

Comments
Post a Comment