16 ਦਿਨਾਂ ਤੋਂ ਅਗਵਾ ਹੋਈ ਬਾਕਰਪੁਰ ਦੀ ਨਾਬਾਲਗ ਬੱਚੀ ਦੀ ਐਫ.ਆਈ.ਆਰ. ਵੀ ਦਰਜ ਨਹੀਂ ਕਰ ਰਹੀ ਥਾਣਾ ਆਈ.ਟੀ. ਸਿਟੀ ਦੀ ਪੁਲਿਸ
16 ਦਿਨਾਂ ਤੋਂ ਅਗਵਾ ਹੋਈ ਬਾਕਰਪੁਰ ਦੀ ਨਾਬਾਲਗ ਬੱਚੀ ਦੀ ਐਫ.ਆਈ.ਆਰ. ਵੀ ਦਰਜ ਨਹੀਂ ਕਰ ਰਹੀ ਥਾਣਾ ਆਈ.ਟੀ. ਸਿਟੀ ਦੀ ਪੁਲਿਸ
ਜੇ ਤਿੰਨ ਦਿਨਾਂ ਦੇ ਅੰਦਰ ਅੰਦਰ ਪੁਲਿਸ ਢੁਕਵੀਂ ਕਾਰਵਾਈ ਨਹੀਂ ਕਰਦੀ ਤਾਂ ਕਰਾਂਗੇ ਥਾਣੇ ਦਾ ਘਿਰਾਓ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 27 ਨਵੰਬਰ ( ਰਣਜੀਤ ਧਾਲੀਵਾਲ ) : ਅੱਜ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿੰਡ ਬਾਕਰਪੁਰ ਜਿਲਾ ਐਸ.ਏ.ਐਸ.ਨਗਰ (ਮੋਹਾਲੀ) ਤੋਂ ਇੱਕ ਪੀੜਿਤ ਪਰਿਵਾਰ ਪਹੁੰਚਿਆ। ਜਿਨਾਂ ਵਿੱਚ ਦਰਸ਼ਨੀ ਕੌਰ ਪਤਨੀ ਲਖਵੀਰ ਸਿੰਘ ਨੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੂੰ ਆਪਣੇ ਨਾਲ ਹੋਈ ਵਧੀਕੀ ਬਾਰੇ ਦੱਸਦਿਆ ਕਿਹਾ ਕਿ ਮੇਰੀ ਨਾਬਾਲਗ ਲੜਕੀ ਪ੍ਰਦੀਪ ਕੌਰ ਉਮਰ 17 ਸਾਲ ਨੂੰ ਦਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੂੜਹੇੜੀ ਕਿਡਨੈਪ ਕਰਕੇ ਲੈ ਗਿਆ ਹੈ। ਜਿਸ ਦੀਆਂ ਮੈਂ ਲਿਖਤੀ ਦਰਖਾਸਤਾਂ ਮਿਤੀ 11/11/2024 ਨੂੰ ਐਸ.ਐਚ.ਓ. ਥਾਣਾ ਆਈ.ਟੀ. ਸਿਟੀ ਸੈਕਟਰ 82, ਮੋਹਾਲੀ ਨੂੰ ਦੇ ਚੁੱਕੀ ਹਾਂ। ਅੱਜ 16 ਦਿਨ ਬੀਤ ਜਾਣ ਤੋਂ ਬਾਅਦ ਵੀ ਏਐਸਆਈ ਬਲਵੀਰ ਸਿੰਘ ਨੇ ਕਾਨੂੰਨ ਅਨੁਸਾਰ ਬਣਦੀ ਕੋਈ ਕਾਰਵਾਈ ਨਹੀਂ ਕੀਤੀ, ਨਾ ਹੀ ਐਫ.ਆਈ.ਆਰ. ਦਰਜ ਕਰ ਰਿਹਾ ਹੈ ਅਤੇ ਨਾ ਹੀ ਮੇਰੀ ਬੇਟੀ ਦੀ ਭਾਲ ਕੀਤੀ ਜਾ ਰਹੀ ਹੈ। ਮੈਂ ਤੇ ਮੇਰੇ ਪਤੀ ਪਿਛਲੇ 16 ਦਿਨਾਂ ਤੋਂ ਥਾਣੇ ਦੇ ਚੱਕਰ ਮਾਰ ਮਾਰ ਥੱਕ ਚੁੱਕੇ ਹਾਂ। ਪਰ ਆਈ.ਓ. ਏਐਸਆਈ ਬਲਵੀਰ ਸਿੰਘ ਨੇ ਲੜਕੇ ਦੇ ਪਰਿਵਾਰ ਨਾਲ ਮਿਲੀ ਭੁਗਤ ਹੋਣ ਕਰਕੇ ਸਾਡੀ ਦਿੱਤੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਮੈਂ ਸਾਡੇ ਜਾਣਕਾਰ ਸੁਰਿੰਦਰ ਸਿੰਘ ਕੰਡਾਲਾਂ ਤੇ ਅਜੈਬ ਸਿੰਘ ਬਾਕਰਪੁਰ ਨਾਲ ਐਸਸੀ ਬੀਸੀ ਮੋਰਚੇ ਤੇ ਪਹੁੰਚੀ ਹਾਂ ਤੇ ਆਪਣੇ ਨਾਲ ਹੋਈ ਵਧੀਕੀ ਆਗੂਆਂ ਨੂੰ ਦੱਸੀ ਹੈ। ਮੋਰਚੇ ਦੇ ਆਗੂਆਂ ਨੇ ਮੈਨੂੰ ਸਾਥ ਦੇਣ ਦਾ ਪੂਰਨ ਭਰੋਸਾ ਦਿੱਤਾ ਹੈ। ਐਸ.ਏ.ਐਸ.ਨਗਰ ਵਿਖੇ ਪੱਤਰਕਾਰਾਂ ਨਾਲ ਗੱਲ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਪਹਿਲਾ ਪਰਿਵਾਰ ਨਹੀਂ ਹੈ। ਜਿਸ ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ। ਆਏ ਦਿਨ ਮੋਰਚੇ ਤੇ ਪੀੜਿਤ ਪਰਿਵਾਰ ਆਕੇ ਆਪਣੀਆਂ ਮੁਸ਼ਕਲਾਂ ਸੁਣਾਉਂਦੇ ਰਹਿੰਦੇ ਹਨ। ਅਸੀਂ ਸਮੂਹ ਮੈਂਬਰ ਸਾਹਿਬਾਨ ਪੁਲਿਸ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਅੰਦਰ ਐਫ.ਆਈ.ਆਰ. ਦਰਜ ਕਰਕੇ ਪ੍ਰਦੀਪ ਕੌਰ ਦੀ ਭਾਲ ਨਾ ਕੀਤੀ ਤਾਂ ਤਿੰਨ ਦਿਨਾਂ ਬਾਅਦ ਥਾਣਾ ਆਈ.ਟੀ. ਸਿਟੀ ਸੈਕਟਰ 82 ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੇ ਜ਼ਿੰਮੇਵਾਰ ਐਸ.ਐਚ.ਓ. ਅਤੇ ਏ.ਐਸ.ਆਈ. ਬਲਵੀਰ ਸਿੰਘ ਹੋਣਗੇ। ਇਸ ਮੌਕੇ ਸੁਰਿੰਦਰ ਸਿੰਘ ਕੰਡਾਲਾ, ਅਜੈਬ ਸਿੰਘ ਬਾਕਰਪੁਰ, ਬਾਬੂ ਵੇਦ ਪ੍ਰਕਾਸ਼, ਦਰਸ਼ਨਾਂ ਕੌਰ, ਰਣਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਹੋਏ।
Comments
Post a Comment