
ਅੰਡਾਨੀ ਮਾਮਲੇ ’ਚ ਸੰਸਦੀ ਕਮੇਟੀ ਬਣਾ ਕੇ ਅਗਲੀ ਬਹਿਸ ਸੁਰੂ ਕਰਨੀ ਚਾਹੀਦੀ ਹੈ : ਕਾ: ਸੇਖੋਂ
ਚੰਡੀਗੜ੍ਹ 30 ਨਵੰਬਰ ( ਰਣਜੀਤ ਧਾਲੀਵਾਲ ) : ਲੋਕ ਸਭਾ ਵਿੱਚ ਗੌਤਮ ਅੰਡਾਨੀ ਰਿਸਵਤ ਮਾਮਲੇ ਦੀ ਜਾਂਚ ਮੰਗਣ ਵਾਲਿਆਂ ਨੂੰ ਨਕਾਰੇ ਲੋਕ ਕਹਿ ਕੇ ਗੁੰਡਾਗਰਦੀ ਕਰਨ ਵਰਗੇ ਸ਼ਬਦਾਂ ਦੀ ਵਰਤੋਂ ਕਰਨੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕਾਰਪੋਰੇਟ ਘਰਾਣਿਆਂ ਦੀ ਪੁਸਤਪਨਾਹੀ ਕਰਨ ਵਾਲੀ ਸੋਚ ਦਾ ਪ੍ਰਗਟਾਵਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਮੰਗ ਕੀਤੀ ਰਿਸਵਤ ਮਾਮਲੇ ਸਬੰਧੀ ਸੰਸਦੀ ਕਮੇਟੀ ਬਣਾ ਕੇ ਜਾਂਚ ਅਰੰਭਣੀ ਚਾਹੀਦੀ ਹੈ ਅਤੇ ਲੋਕ ਸਭਾ ਦੀ ਅਗਲੀ ਕਾਰਵਾਈ ਸੁਰੂ ਕਰਨੀ ਚਾਹੀਦੀ ਹੈ। ਕਾ: ਸੇਖੋਂ ਨੇ ਕਿਹਾ ਕਿ ਲੋਕ ਸਭਾ ਦਾ ਸਰਦ ਰੁੱਤ ਸੈਸਨ ਸੁਰੂ ਹੈ, ਪਰ ਗੌਤਮ ਅੰਡਾਨੀ ਦੇ ਰਿਸਵਤ ਮਾਮਲੇ ਦੀ ਪੜਤਾਲ ਕਰਾਉਣ ਦੇ ਮੁੱਦੇ ਤੇ ਵਿਰੋਧੀ ਧਿਰਾਂ ਦੀ ਮੰਗ ਨੂੰ ਮੋਦੀ ਸਰਕਾਰ ਵੱਲੋਂ ਸਵੀਕਾਰ ਨਾ ਕੀਤੇ ਜਾਣ ਸਦਕਾ ਕਾਰਵਾਈ ਠੱਪ ਹੈ। ਉਹਨਾਂ ਕਿਹਾ ਕਿ ਸੈਸਨ ਦੀ ਕਾਰਵਾਈ ਠੱਪ ਰਹਿਣਾ ਦੇਸ਼ ਦੇ ਹਿਤ ਵਿੱਚ ਨਹੀਂ ਹੋ ਸਕਦਾ, ਲੋਕਾਂ ਨਾਲ ਸਬੰਧਤ ਬਹੁਤ ਸਾਰੇ ਮੁੱਦਿਆਂ ਤੇ ਬਹਿਸ ਹੋਣ ਦਾ ਕੰਮ ਰੁਕਿਆ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੈਸਨ ਦੇ ਸੁਰੂ ਮੌਕੇ ਕਿਹਾ ਸੀ ਕਿ ਲੋਕਾਂ ਵੱਲੋਂ ਨਕਾਰੇ ਲੋਕ ਗੁੰਡਾਗਰਦੀ ਕਰਕੇ ਸੰਸਦ ਦੀ ਕਾਰਵਾਈ ਚੱਲਣ ਨਹੀਂ ਦਿੰਦੇ। ਸੂਬਾ ਸਕੱਤਰ ਨੇ ਕਿਹਾ ਕਿ ਮੋਦੀ ਵੱਲੋਂ ਲੋਕਾਂ ਦੇ ਚੁਣੇ ਸੰਸਦ ਮੈਂਬਰਾਂ ਨੂੰ ਨਕਾਰੇ ਹੋਏ ਅਤੇ ਗੁੰਡਾਗਰਦੀ ਕਰਨ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਨਾ ਦੇਸ਼ ਦੇ ਸੰਵਿਧਾਨ ਦੀ ਤੌਹੀਨ ਹੈ। ਕਾ: ਸੇਖੋਂ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਸਰਕਾਰ ਸਮੇਂ ਭਾਜਪਾ ਸੰਸਦ ਮੈਂਬਰਾਂ ਨੇ ਬੋਫ਼ਰਜ ਤੋਪਾਂ ਦੀ ਖ਼ਰੀਦ ਮਾਮਲੇ ਸਬੰਧੀ ਜਾਂਚ ਦੀ ਮੰਗ ਲੈ ਕੇ ਲੋਕ ਸਭਾ ਦੀ ਕਾਰਵਾਈ ਨਹੀਂ ਸੀ ਚੱਲਣ ਦਿੱਤੀ। ਹੁਣ ਜੇਕਰ ਵਿਰੋਧੀ ਧਿਰ ਗੌਤਮ ਅੰਡਾਨੀ ਮਾਮਲੇ ਦੀ ਜਾਂਚ ਮੰਗ ਕੇ ਆਵਾਜ਼ ਉਠਾ ਰਹੇ ਹਨ ਤਾਂ ਪ੍ਰਧਾਨ ਮੰਤਰੀ ਉਹਨਾਂ ਪ੍ਰਤੀ ਅਪਮਾਨਜਨਕ ਸ਼ਬਦ ਵਰਤ ਰਹੇ ਹਨ। ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦੀ ਮੰਗ ਅਨੁਸਾਰ ਵਿਰੋਧੀ ਧਿਰ ਨਾਲ ਸਹਿਮਤ ਹੋ ਕੇ ਅੰਡਾਨੀ ਰਿਸਵਤ ਮਾਮਲੇ ਦੀ ਜਾਂਚ ਲਈ ਸੰਸਦੀ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਜੋ ਨਿਰਪੱਖ ਜਾਂਚ ਕੀਤੀ ਜਾ ਸਕੇ। ਅਜਿਹਾ ਕਰਕੇ ਲੋਕ ਸਭਾ ਦੀ ਕਾਰਵਾਈ ਅੱਗੇ ਤੋਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਹੋਰ ਮੁੱਦਿਆਂ ਬਾਰੇ ਬਹਿਸ ਕਰਵਾਈ ਜਾ ਸਕੇ ।
Comments
Post a Comment