ਐਸ.ਏ.ਐਸ.ਨਗਰ ਵਿਖੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਰੋਡ ਕੀਤਾ ਜਾਮ
ਐਸ.ਏ.ਐਸ.ਨਗਰ 28 ਨਵੰਬਰ ( ਰਣਜੀਤ ਧਾਲੀਵਾਲ ) : ਪਿਛਲੇ ਚਾਰ ਦਿਨਾਂ ਤੋਂ ਡੀਪੀਆਈ ਦਫ਼ਤਰ ਐਸ.ਏ.ਐਸ.ਨਗਰ ਅੱਗੇ ਰੋਸ ਧਰਨਾ ਦੇ ਰਹੀਆਂ ਈਟੀਟੀ ਕਾਡਰ ਦੀਆਂ 5994 ਅਤੇ 2364 ਯੂਨੀਅਨਾਂ ਨੇ ਪੰਜਾਬ ਸਰਕਾਰ ਦੀ ਲਾਰੇਬਾਜ਼ੀ ਤੋਂ ਤੰਗ ਆ ਕੇ ਵੀਰਵਾਰ ਨੂੰ ਐਸ.ਏ.ਐਸ.ਨਗਰ ਵਿਖੇ ਰੋਡ ਜਾਮ ਕਰ ਦਿੱਤਾ। ਜਿਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੌਕੇ ਬੇਰੁਜ਼ਗਾਰਾਂ ਦੇ ਬਜ਼ੁਰਗ ਮਾਪਿਆਂ ਅਤੇ ਛੋਟੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਆਗੂਆਂ ਨੇ ਦੱਸਿਆ ਕਿ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਬਹਾਨੇਬਾਜ਼ੀ ਤੋਂ ਉਹ ਅੱਕ ਚੁੱਕੇ ਹਨ। ਜਿਸ ਦੇ ਰੋਸ ਵਜੋਂ ਹੁਣ ਮਜ਼ਬੂਰਨ ਰੋਡ ਜਾਮ ਕਰਨਾ ਪਿਆ ਹੈ। ਈਟੀਟੀ ਕਾਡਰ ਦੀਆਂ ਦੋਨੋਂ ਯੂਨੀਅਨਾਂ ਦੇ ਆਗੂ ਪਰਮਪਾਲ ਫ਼ਾਜ਼ਿਲਕਾ, ਹਰਜੀਤ ਬੁਢਲਾਡਾ, ਬੰਟੀ ਕੰਬੋਜ, ਗੁਰਸੰਗਤ ਬੁਢਲਾਡਾ, ਬੱਗਾ ਖੁਡਾਲ, ਬਲਿਹਾਰ ਸਿੰਘ, ਮਨਪ੍ਰੀਤ ਮਾਨਸਾ, ਰਮੇਸ਼ ਅਬੋਹਰ, ਆਦਰਸ਼ ਅਬੋਹਰ ਅਤੇ ਹਰੀਸ਼ ਕੰਬੋਜ ਨੇ ਦੱਸਿਆ ਕਿ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਨਾਲ ਪੰਜਾਬ ਸਰਕਾਰ ਕੁੱਝ ਵੀ ਨਹੀਂ ਕਰਦੀ, ਸਾਨੂੰ ਰੋਡ ਜਾਮ ਕਰਨ ਅਤੇ ਹੋਰ ਐਕਸ਼ਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਦਿਨਾਂ ਤੋਂ ਕੜਾਕੇ ਦੀ ਠੰਢ ਦੇ ਬਾਵਜੂਦ ਲੱਗੇ ਧਰਨੇ ’ਚ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ-ਨਾਲ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਅਤੇ ਛੋਟੇ ਬੱਚੇ ਵੀ ਭਰਵੀਂ ਸ਼ਮੂਲੀਅਤ ਕਰ ਰਹੇ ਹਨ। ਇਸ ਦੌਰਾਨ ਰੋਡ ਜਾਮ ਕਰਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਕੋਲ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ। ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਰੋਡ ਜਾਮ ਖੁਲ੍ਹਵਾਇਆ।
Comments
Post a Comment