ਨਵੰਬਰ ਮਹੀਨਾ ਵਰਲਡ ਲੰਗਸ ਕੈਂਸਰ ਜਾਗਰੂਕਤਾ ਨੂੰ ਸਮਰਪਿਤ
ਸਿਗਰਟਨੋਸ਼ੀ ਕਰਨ ਵਾਲੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਸਾਲ ਫੇਫੜਿਆਂ ਦੇ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ : ਡਾ. ਦਿਗੰਬਰ ਬੇਹਰਾ
ਐਸ.ਏ.ਐਸ.ਨਗਰ 27 ਨਵੰਬਰ ( ਰਣਜੀਤ ਸਿੰਘ ) : ਫੇਫੜਿਆਂ ਦਾ ਕੈਂਸਰ ਵਿਸ਼ਵ ਪੱਧਰ ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਸਭ ਤੋਂ ਵੱਧ ਮੌਤ ਦਰ ਲਈ ਜ਼ਿੰਮੇਵਾਰ ਹੈ। ਫੋਰਟਿਸ ਮੋਹਾਲੀ ਦੇ ਪੁਲਮੋਨਰੀ ਮੈਡੀਸਨ ਦੇ ਡਾਇਰੈਕਟਰ ਡਾ. ਦਿਗੰਬਰ ਬੇਹਰਾ ਨੇ ਕਿਹਾ ਕਿ ਸਰਗਰਮ ਅਤੇ ਪੈਸਿਵ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਫੇਫੜਿਆਂ ਦੇ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਅਤੇ ਉਨ੍ਹਾਂ ਨੂੰ ਹਰ ਸਾਲ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਵਰਲਡ ਲੰਗਸ ਕੈਂਸਰ ਜਾਗਰੂਕਤਾ ਮਹੀਨੇ ਦੇ ਮੌਕੇ ਤੇ, ਡਾ. ਬੇਹਰਾ ਨੇ ਸਿਹਤ ਐਡਵਾਈਜ਼ਰੀ ਵਿੱਚ ਫੇਫੜਿਆਂ ਦੇ ਕੈਂਸਰ ਦੇ ਕਾਰਨਾਂ, ਲੱਛਣਾਂ, ਹੱਲ ਅਤੇ ਇਲਾਜ ਦੇ ਵਿਕਲਪਾਂ ਬਾਰੇ ਜਾਣਕਾਰੀ ਅਤੇ ਸਲਾਹ ਜਾਰੀ ਕੀਤੀ। ਡਾ. ਦਿਗੰਬਰ ਬੇਹਰਾ ਨੇ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਦਾ ਇਸਤੇਮਾਲ ਹੈ, ਜੋ ਫੇਫੜਿਆਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਵਿਅਕਤੀ ਦੀ ਆਕਸੀਜਨ ਸੋਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਤੰਬਾਕੂ ਦੇ ਧੂੰਏਂ ਵਿੱਚ ਕਾਰਬਨ ਮੋਨੋਆਕਸਾਈਡ ਹੁੰਦਾ ਹੈ, ਜੋ ਖੂਨ ਵਿੱਚ ਆਕਸੀਜਨ ਦੇ ਪ੍ਰਵਾਹ ਨੂੰ ਰੋਕਦਾ ਹੈ ਅਤੇ ਅੰਗਾਂ ਨੂੰ ਇਸਦੀ ਡਿਲੀਵਰੀ ਵਿੱਚ ਰੁਕਾਵਟ ਪਾਉਂਦਾ ਹੈ। ਜਿਹੜੇ ਲੋਕ 50 ਸਾਲ ਤੋਂ ਵੱਧ ਹਨ ਅਤੇ ਨਿਯਮਿਤ ਤੌਰ ’ਤੇ ਸਿਗਰਟ ਪੀਂਦੇ ਹਨ, ਉਨ੍ਹਾਂ ਨੂੰ ਹਰ ਸਾਲ ਛਾਤੀ ਦਾ ਐਕਸ-ਰੇ ਕਰਵਾਉਣਾ ਚਾਹੀਦਾ ਹੈ। ਪੈਸਿਵ ਸਿਗਰਟ ਪੀਣ ਵਾਲਿਆਂ ਨੂੰ ਵੀ ਖਤਰਾ ਹੁੰਦਾ ਹੈ। ਜਿਹੜੇ ਲੋਕ ਰੇਡੀਏਸ਼ਨ, ਆਰਸੈਨਿਕ, ਕ੍ਰੋਮੀਅਮ, ਨਿਕਲ, ਤਾਂਬਾ ਅਤੇ ਐਸਬੈਸਟਸ ਦੇ ਉੱਚ ਪੱਧਰਾਂ ਦੇ ਸੰਪਰਕ ਵਿੱਚ ਆਉਂਦੇ ਹਨ, ਉਹਨਾਂ ਵਿੱਚ ਵੀ ਫੇਫੜਿਆਂ ਦੇ ਕੈਂਸਰ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ, ਅੰਦਰੂਨੀ ਅਤੇ ਬਾਹਰੀ ਹਵਾ ਪ੍ਰਦੂਸ਼ਣ, ਖਾਸ ਕਰਕੇ ਬਾਇਓਮਾਸ ਫਿਊਲ ਅਤੇ ਕੇਰੋਸਿਨ ਦੇ ਸੰਪਰਕ ਵਿੱਚ ਆਉਣ ਨਾਲ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ। ਕੁਝ ਲੋਕਾਂ ਵਿੱਚ ਫੇਫੜਿਆਂ ਦੇ ਕੈਂਸਰ ਦੀ ਜੈਨੇਟਿਕ ਪ੍ਰਵਿਰਤੀ ਵੀ ਹੁੰਦੀ ਹੈ। ਡਾ. ਬੇਹਰਾ ਨੇ ਲੱਛਣਾਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਨ੍ਹਾਂ ਵਿੱਚ ਖੰਘ, ਥੁੱਕ ਵਿੱਚ ਖੂਨ, ਛਾਤੀ ਵਿੱਚ ਦਰਦ, ਬੁਖਾਰ, ਕਮਜ਼ੋਰੀ, ਥਕਾਵਟ, ਬੇਚੈਨੀ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਦੀ ਜਾਂਚ ਲੈਬ ਟੈਸਟਾਂ, ਪੀਈਟੀ/ਸੀਟੀ ਸਕੈਨ ਅਤੇ ਐਂਡੋਬ੍ਰੋਨਚਿਅਲ ਅਲਟਰਾਸਾਊਂਡ (ਈਬੀਯੂਐਸ) ਰਾਹੀਂ ਕੀਤੀ ਜਾ ਸਕਦੀ ਹੈ। ਬਾਇਓਪਸੀ ਲਈ ਬ੍ਰੋਂਕੋਸਕੋਪੀ ਕੀਤੀ ਜਾਂਦੀ ਹੈ। ਫਾਈਨ ਨੀਡਲ ਐਸਿਪਰੇਸ਼ਨ ਸਾਇਟੋਲੋਜੀ ਅਤੇ ਫੇਫੜਿਆਂ ਦੇ ਤਰਲ ਦੀ ਜਾਂਚ ਵੀ ਕੈਂਸਰ ਦੀ ਮੁੱਢਲੀ ਸਥਿਤੀ ਦੀ ਪੁਸ਼ਟੀ ਕਰਦੀ ਹੈ। ਪੈਥੋਲੋਜੀਕਲ ਟੈਸਟ ਕੈਂਸਰ ਦੀ ਕਿਸਮ ਅਤੇ ਇਲਾਜ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਮਦਦਗਾਰ ਹੁੰਦੇ ਹਨ। ਡਾ. ਬੇਹਰਾ ਨੇ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਦਾ ਇਲਾਜ ਮੁੱਖ ਤੌਰ ’ਤੇ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ ਅਤੇ ਇਮਿਊਨੋਥੈਰੇਪੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ।
Comments
Post a Comment