ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕ੍ਰਿਸ਼ਨ ਰਾਹੀ ਦੀ ਪੁਸਤਕ ‘ਆਓ ਸੋਚ ਬਦਲੀਏ’ ਹੋਈ ਰਿਲੀਜ਼
ਚੰਡੀਗੜ੍ਹ 28 ਨਵੰਬਰ ( ਰਣਜੀਤ ਧਾਲੀਵਾਲ ) : ਸੇਵਾਮੁਕਤ ਅਧਿਆਪਕ ਅਤੇ ਲੇਖਕ ਕ੍ਰਿਸ਼ਨ ਰਾਹੀ ਦੀ ਸਮਾਜਿਕ ਸਰੋਕਾਰਾਂ ਨੂੰ ਦਰਸਾਉਂਦੀ ਪੁਸਤਕ ‘ਆਓ ਸੋਚ ਬਦਲੀਏ’ ਵੀਰਵਾਰ ਨੂੰ ਸੈਕਟਰ 16 ਸਥਿਤ ਪੰਜਾਬ ਕਲਾ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਦੇ ਪ੍ਰੋਫੈਸਰ ਅਤੇ ਬਾਲ ਸਾਹਿਤਕਾਰ ਡਾ: ਦਰਸ਼ਨ ਸਿੰਘ ਆਸ਼ਟ ਅਤੇ ਪੋਸਟ ਗ੍ਰੈਜੂਏਟ ਗੋਵਰਨਮੈਂਟ ਕਾਲਜ ਫ਼ਾਰ ਗਰਲਜ਼, ਸੈਕਟਰ 42 ਦੀ ਪ੍ਰਿੰਸੀਪਲ ਡਾ: ਬੀਨੂੰ ਡੋਗਰਾ ਨੇ ਸਮਾਜ ਸੇਵੀ ਜਗਦੀਸ਼ ਸਿੰਘ ਦੀਵਾਨ ਦੀ ਹਾਜ਼ਰੀ ਵਿੱਚ ਪੁਸਤਕ ਰਿਲੀਜ਼ ਕੀਤੀ । ਇਸ ਮੌਕੇ ਚੰਡੀਗੜ੍ਹ ਟ੍ਰਾਈਸਿਟੀ ਤੋਂ 150 ਦੇ ਕਰੀਬ ਸਾਹਿਤ ਅਤੇ ਕਲਾ ਪ੍ਰੇਮੀ ਇਕੱਠੇ ਹੋਏ। ਇਸ ਪੁਸਤਕ ਵਿਚ ਪੰਜਾਬੀ ਭਾਸ਼ਾ ਦੀਆਂ ਕੁੱਲ 55 ਕਵਿਤਾਵਾਂ ਹਨ ਜੋ ਸਮਾਜਿਕ ਦ੍ਰਿਸ਼ ਨਾਲ ਸਬੰਧਤ ਹਨ ਅਤੇ ਲੋਕਾਂ ਨੂੰ ਉੱਨਤ ਸਮਾਜ ਦੀ ਦ੍ਰਿਸ਼ਟੀ ਲਈ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਕਰਦੀਆਂ ਹਨ। ਲੇਖਕ ਕ੍ਰਿਸ਼ਨ ਰਾਹੀ ਨੇ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਸਿੱਖਿਆ ਜਗਤ ਦੀ ਸੇਵਾ ਕਰਕੇ ਲੇਖਣੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ, ਜਦਕਿ ਇਹ ਉਨ੍ਹਾਂ ਦੀ ਪਹਿਲੀ ਰਚਨਾ ਹੈ। ਉਨ੍ਹਾਂ ਨੂੰ ਸਾਲ 2009 ਵਿੱਚ ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਦਕਿ ਇਸ ਤੋਂ ਪਹਿਲਾਂ ਸਾਲ 2007 ਵਿੱਚ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ਯੂ ਟੀ ਪ੍ਰਸ਼ਾਸ਼ਨ ਵੱਲੋਂ ਸਟੇਟ ਐਵਾਰਡ ਵੀ ਦਿੱਤਾ ਗਿਆ ਸੀ। ਸਮਾਜ ਹਿੱਤ ਵਿੱਚ ਇਹ ਉਨ੍ਹਾਂ ਦਾ ਪਹਿਲਾ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਸਰਵਹਿੱਤਕਾਰੀ ਸੁਸਾਇਟੀ ਲਈ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਪ੍ਰੇਰਿਤ ਕਰਨ ਲਈ ਕਈ ਬੂਕਲੇਟਸ ਵੀ ਲਿਖ ਚੁੱਕੇ ਹਨ। ਇਸ ਮੌਕੇ ਦਰਸ਼ਨ ਸਿੰਘ ਆਸ਼ਟ ਨੇ ਨੌਜਵਾਨਾਂ ਨੂੰ ਪ੍ਰੇਰਨਾਦਾਇਕ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ ਤਾਂ ਜੋ ਆਪਣੇ ਕੈਰੀਅਰ ਅਤੇ ਜੀਵਨ ਵਿੱਚ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਸਕਣ। ਕ੍ਰਿਸ਼ਨ ਰਾਹੀ ਦੇ ਕਾਰਜ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੀ ਕਲਮ ਨੂੰ ਇਸ ਤਰ੍ਹਾਂ ਵਰਤਣ ਤਾਂ ਜੋ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਸਾਰਥਕ ਹੋਵੇ। ਇਸ ਮੌਕੇ ਸਮਾਜ ਸੇਵੀ ਜਗਦੀਸ਼ ਸਿੰਘ ਦੀਵਾਨ ਨੇ ਪੁਸਤਕ ਵਿੱਚ ਲਿਖੀਆਂ ਕੁਝ ਸਮਾਜਿਕ ਉਦਾਹਰਣਾਂ ਪੇਸ਼ ਕਰਦਿਆਂ ਕਿਹਾ ਕਿ ਜੋ ਲੋਕ ਦੂਜਿਆਂ ਵਿੱਚ ਤਬਦੀਲੀ ਲਿਆਉਣ ਦੀ ਆਸ ਰੱਖਦੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਆਪ ਵਿੱਚ ਤਬਦੀਲੀ ਲਿਆਉਣ ਦੀ ਹਿੰਮਤ ਰੱਖਣੀ ਚਾਹੀਦੀ ਹੈ, ਤਾਂ ਹੀ ਇੱਕ ਖੁਸ਼ਹਾਲ ਸਮਾਜ, ਸ਼ਹਿਰ ਅਤੇ ਦੇਸ਼ ਦਾ ਨਿਰਮਾਣ ਸੰਭਵ ਹੈ। ਵਾਤਾਵਰਨ ਦੀ ਹੋ ਰਹੀ ਉਲੰਘਣਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਪਣੇ ਸੁੱਖ-ਆਰਾਮ ਅਤੇ ਧਨ ਦੀ ਖ਼ਾਤਰ ਕੁਦਰਤ ਦੇ ਖ਼ਿਲਾਫ਼ ਕਦਮ ਚੁੱਕਣ ਵਾਲਿਆਂ ਨੂੰ ਹੀ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਹੀ ਪਵੇਗਾ, ਇਸ ਲਈ ਕੁਦਰਤ ਦੇ ਨਾਲ ਰਹਿਣਾ ਸਿੱਖੋ ਅਤੇ ਇਸ ਨਾਲ ਮਿਤ੍ਰਤਾ ਬਣਾਏ ਰੱਖੋ। ਇਸ ਮੌਕੇ ਡਾ: ਬੀਨੂੰ ਡੋਗਰਾ ਨੇ ਵੀ ਲੇਖਕ ਤੋਂ ਆਸ ਪ੍ਰਗਟਾਈ ਕਿ ਉਹ ਸਮਾਜ ਹਿੱਤ ਵਿੱਚ ਅਜਿਹੀਆਂ ਰਚਨਾਵਾਂ ਲਿਖਦੇ ਰਹਿਣਗੇ। ਪ੍ਰੋਗਰਾਮ ਦੌਰਾਨ ਲੇਖਕ ਕ੍ਰਿਸ਼ਨ ਰਾਹੀ, ਰਵਿੰਦਰ ਸਿੰਘ ਲੁਬਾਣਾ ਅਤੇ ਹਰਪ੍ਰੀਤ ਕੌਰ ਰੌਣਕ ਨੇ ਸੰਗੀਤਕ ਧੁਨਾਂ ਦੇ ਨਾਲ-ਨਾਲ ਆਪਣੀਆਂ ਰਚਨਾਵਾਂ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ।
Comments
Post a Comment