ਗਲੋਬਲ ਅਲਾਇੰਸ ਫਾਰ ਰਾਈਟਸ ਐਂਡ ਡਿਊਟੀਜ਼ ਨੇ ਆਯੋਜਿਤ ਕੀਤਾ 'ਸਾਡਾ ਸੰਵਿਧਾਨ, ਸਾਡਾ ਸਵੈ-ਮਾਣ' ਪ੍ਰੋਗਰਾਮ
ਚੰਡੀਗੜ੍ਹ 28 ਨਵੰਬਰ ( ਰਣਜੀਤ ਧਾਲੀਵਾਲ ) : 28 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ 'ਤੇ ਗਲੋਬਲ ਅਲਾਇੰਸ ਫਾਰ ਰਾਈਟਸ ਐਂਡ ਡਿਊਟੀਜ਼ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ, ਸੈਕਟਰ 30 ਏ ਵਿਖੇ 'ਸਾਡਾ ਸੰਵਿਧਾਨ, ਸਾਡਾ ਸਵੈ-ਮਾਣ' ਪ੍ਰੋਗਰਾਮ ਕਰਵਾਇਆ। ਇਸ ਮੌਕੇ ਗਲੋਬਲ ਅਲਾਇੰਸ ਫਾਰ ਰਾਈਟਸ ਐਂਡ ਡਿਊਟੀਜ਼ ਦੇ ਪ੍ਰਧਾਨ ਦੇਵੇਸ਼ ਮੌਦਗਿਲ, ਜਨਰਲ ਸਕੱਤਰ ਜਸਜੋਤ ਸਿੰਘ ਅਲਮਸਤ ਅਤੇ ਭਾਰਤ ਵਿਕਾਸ ਪ੍ਰੀਸ਼ਦ ਈਸਟ 1 ਦੀ ਪ੍ਰਧਾਨ ਨੀਲਮ ਗੁਪਤਾ ਨੇ ਸਕੂਲ ਪ੍ਰਿੰਸੀਪਲ ਇੰਦੂ ਬੱਬਰ ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ, ਸ਼ਿਖਾ ਨਿਝਾਵਨ ਪ੍ਰਧਾਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਅਮਿਤਾ ਮਿੱਤਲ ਦੀ ਮੌਜੂਦਗੀ ਵਿੱਚ ਪੇਸ਼ ਕੀਤੀ। ਗਲੋਬਲ ਅਲਾਇੰਸ ਫਾਰ ਰਾਈਟਸ ਐਂਡ ਡਿਊਟੀਜ਼ ਦੇ ਪ੍ਰਧਾਨ ਦੇਵੇਸ਼ ਮੌਦਗਿਲ ਅਤੇ ਜਨਰਲ ਸਕੱਤਰ ਸਰਦਾਰ ਜਸਜੋਤ ਸਿੰਘ ਅਲਮਸਤ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੰਵਿਧਾਨ ਰਾਸ਼ਟਰ ਦਾ ਸਭ ਤੋਂ ਪਵਿੱਤਰ ਗ੍ਰੰਥ ਹੈ ਜੋ ਭਾਰਤ ਦੇ ਹਰ ਨਾਗਰਿਕ ਨੂੰ ਸਨਮਾਨ ਅਤੇ ਇਨਸਾਫ਼ ਨਾਲ ਜਿਉਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਮੌਦਗਿਲ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਜਿੱਥੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਜ਼ਿਕਰ ਕਰਦਾ ਹੈ, ਉੱਥੇ ਇਹ ਉਨ੍ਹਾਂ ਨੂੰ ਉਨ੍ਹਾਂ ਦੇ ਬੁਨਿਆਦੀ ਫਰਜ਼ਾਂ ਦੀ ਵੀ ਯਾਦ ਦਿਵਾਉਂਦਾ ਹੈ। ਸਾਡੇ ਸੰਵਿਧਾਨ ਨੇ ਭਾਰਤ ਨੂੰ ਦੁਨੀਆ ਭਰ ਵਿੱਚ ਇੱਕ ਨਵੇਂ ਅਤੇ ਮਜ਼ਬੂਤ ਰਾਸ਼ਟਰ ਦੀ ਪਛਾਣ ਦਿੱਤੀ ਹੈ। ਮੌਦਗਿਲ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ ਦੀ ਦੇਣ ਹੈ ਕਿ ਇਹ ਹਰ ਨਾਗਰਿਕ ਨੂੰ ਧਰਮ, ਲਿੰਗ ਅਤੇ ਜਾਤੀ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ ਅਤੇ ਡਰ, ਨਫ਼ਰਤ ਅਤੇ ਭੇਦਭਾਵ ਤੋਂ ਮੁਕਤ ਜੀਵਨ ਪ੍ਰਦਾਨ ਕਰਦਾ ਹੈ।
Comments
Post a Comment