ਉੱਜੜ ਕੇ ਰਹਿ ਗਏ ਆਪ ਵੱਲੋਂ ਪਰਵਾਸੀਆਂ ਨੂੰ ਦਿਖਾਏ ਸਬਜ਼-ਬਾਗ : ਅਰਵਿੰਦ ਖੰਨਾ
ਵਾਅਦਾ ਖਿਲਾਫ਼ੀ 'ਚ ਵਿਸ਼ਵ ਭਰ ਵਿੱਚ ਅੱਵਲ ਰਹੀ ਹੈੈ ਆਪ ਸਰਕਾਰ : ਅਰਵਿੰਦ ਖੰਨਾ
ਚੰਡੀਗੜ੍ਹ 28 ਨਵੰਬਰ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸੰਗਰੂਰ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀਂ ਪਾਰਟੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਦਿਖਾਏ ਗਏ ਸਬਜ਼-ਬਾਗ ਹੁਣ ਉੱਜੜ ਕੇ ਰਹਿ ਗਏ ਹਨ। ਖੰਨਾ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਵੱਲੋਂ ਦਿਖਾਏ ਝੂਠੇ ਭਰੋਸਿਆਂ ਤੋਂ ਪ੍ਰਭਾਵਿਤ ਹੋ ਕੇ ਪਰਵਾਸੀਆਂ ਨੇ ਇਸ ਪਾਰਟੀ ਨੂੰ ਵੱਡੀ ਮਾਤਰਾ ਵਿੱਚ ਆਰਥਿਕ ਸਹਾਇਤਾ ਦਿੱਤੀ ਸੀ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਹ ਪਾਰਟੀ ਉਨ੍ਹਾਂ ਦੇ ਅਧੂਰੇ ਪਏ ਮਸਲਿਆਂ ਦੇ ਹੱਲ ਲਈ ਕੋਈ ਠੋਸ ਯੋਜਨਾ ਬਣਾਏਗੀ ਪਰ ਚੋਣਾਂ ਜਿੱਤਣ ਤੋਂ ਬਾਅਦ ਇਸ ਪਾਰਟੀ ਨੇ ਪਰਵਾਸੀਆਂ ਦੀ ਇੱਕ ਵੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਪਰਵਾਸੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਚੁਟਕਲਿਆਂ ਅਤੇ ਦਾਅਵਿਆਂ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ ਜਿਸ ਤੋਂ ਜਾਪਦਾ ਹੈ ਕਿ ਇਹ ਮੁੱਖ ਮੰਤਰੀ ਉੱਜੜੇ ਬਾਗਾਂ ਦਾ ਗਾਲ੍ਹੜ ਪਟਵਾਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਸ ਘਟੀਆ ਨੀਤੀਆਂ ਤੋਂ ਤੰਗ ਆ ਕੇ ਯੂਰੋਪ ਸਥਿਤ ਪਰਵਾਸੀ ਭਾਰਤੀਆਂ ਨੇ ਹਾਲ ਵਿੱਚ ਹੀ ਇਟਲੀ ਵਿਖੇ ਇੱਕ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਉਹ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਦੀ ਮਾਤ ਭੂਮੀ ਨਾਲ ਜੁੜੇ ਉਨ੍ਹਾਂ ਦੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਤੋਂ ਵੱਡੀ ਨਲਾਇਕੀ ਕੀ ਹੋਵੇਗੀ ਕਿ ਉਸ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪਰਵਾਸੀ ਭਾਰਤੀਆਂ ਵੱਲੋਂ ਦਿੱਤੀ ਜਾਂਦੀ ਸ਼ਿਕਾਇਤ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਘਟੀਆ ਨੀਤੀਆਂ ਦੇ ਕਾਰਨ ਹੀ ਪਰਵਾਸੀ ਲੋਕਾਂ ਦਾ ਪੰਜਾਬ ਪ੍ਰਤੀ ਮੋਹ ਮੱਠਾ ਪਿਆ ਹੈ। ਖੰਨਾ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਸੀ ਕਿ ਪਰਵਾਸੀ ਭਾਰਤੀਆਂ ਦੀ ਸੰਪਤੀ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੀ ਮਾਲਕੀ ਦੇ ਰਿਕਾਰਡ ਵਿੱਚ ਨਾਮ ਦੇ ਨਾਲ ਪਰਵਾਸੀ ਭਾਰਤੀ ਦਰਜ਼ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਤਬਾਦਲੇ ਆਦਿ ਦਾ ਰਿਕਾਰਡ ਵੀ ਡਿਪਟੀ ਕਮਿਸ਼ਨਰ ਦੀ ਆਗਿਆ ਅਨੁਸਾਰ ਸੋਧਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਪਰਵਾਸੀਆਂ ਦੀ ਸੰਪਤੀ 'ਤੇ ਹੋਏ ਨਜਾਇਜ਼ ਕਬਜ਼ੇ ਐਸ.ਐਸ.ਪੀ. ਵੱਲੋਂ 15 ਦਿਨ ਵਿੱਚ ਛੁੜਾਏ ਜਾਣਗੇ। ਇਸ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਪਰਵਾਸੀਆਂ ਨੂੰ ਹਿੱਸੇਦਾਰ ਬਣਾਉਣ, ਕਾਲੀ ਸੂਚੀ ਖਤਮ ਕਰਨ ਲਈ ਕੇਂਦਰ 'ਤੇ ਦਬਾਅ ਬਣਾਉਣ ਅਤੇ 24 ਘੰਟੇ ਦੇ ਅੰਦਰ ਐਨ.ਆਰ.ਆਈ ਬੋਰਡ ਬਣਾਉਣ ਦੇ ਦਾਅਵੇ ਵੀ ਹਵਾ ਹੋ ਰਹਿ ਗਏ ਹਨ। ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਾਮ ਗਿਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਇਸ ਲਈ ਦਰਜ਼ ਹੋਵੇਗਾ ਕਿ ਇਸ ਸਭ ਤੋਂ ਪਹਿਲੀ ਸਰਕਾਰ ਹੈ ਜਿਸ ਨੇ ਕਿਸੇ ਨਾਲ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।
Comments
Post a Comment