ਸੀਬੀਐਸਈ ਵੱਲੋਂ ਆਈਐਸਟੀਐਮ ਦੇ ਸਹਿਯੋਗ ਨਾਲ ਦੋ ਦਿਨਾ ‘ਟਰੇਨਿੰਗ ਆਫ਼ ਟਰੇਨਰਜ਼’ ਦਾ ਆਯੋਜਨ
ਭਾਰਤ ਭਰ ਵਿੱਚ ਅਧਿਆਪਕਾਂ ਨੂੰ ਸਮਰੱਥ ਬਣਾਉਣ ਲਈ ਆਈਐਸਟੀਐਮ, ਡੀਓਪੀਟੀ ਅਤੇ ਸੀਬੀਐਸਈ ਦੀ ਸਾਂਝੀ ਪਹਿਲਕਦਮੀ
ਚੰਡੀਗੜ੍ਹ 28 ਦਸੰਬਰ ( ਰਣਜੀਤ ਧਾਲੀਵਾਲ ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੁਆਰਾ ਸਕੱਤਰੇਤ ਸਿਖਲਾਈ ਅਤੇ ਪ੍ਰਬੰਧਨ ਸੰਸਥਾ (ਆਈਐਸਟੀਐਮ) ਅਤੇ ਕਰਮਚਾਰੀ ਟਰੇਨਿੰਗ ਵਿਭਾਗ (ਡੀਓਪੀਟੀ) ਦੇ ਸਹਿਯੋਗ ਨਾਲ ਅਧਿਆਪਕਾਂ ਦੀ ਸਿਖਲਾਈ ਲਈ ਦੋ ਦਿਨਾ ‘ਟਰੇਨਿੰਗ ਆਫ਼ ਟਰੇਨਰਜ਼’(ਟੀਓਟੀ) ਪ੍ਰੋਗਰਾਮ ਦਾ ਆਯੋਜਨ ਸੈਕਟਰ 45 ਦੇ ਚੰਡੀਗੜ੍ਹ ਬੈਪਟਿਸਟ ਸਕੂਲ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਟਰੇਨਰਾਂ ਦੀ ਸਿਖਲਾਈ (ਟੀਓਟੀ) ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਆਂ ਵਿਧੀਆਂ ਅਤੇ ਤਕਨੀਕਾਂ ਦੀ ਸਿਖਲਾਈ ਦੇਣਾ ਸੀ। ਸੀਬੀਐਸਈ ਦਾ ਦੇਸ਼ ਭਰ ਵਿੱਚ 15,000 ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ, ਜੋ ਬਾਅਦ ਵਿੱਚ ਸੀਬੀਐਸਈ ਸਕੂਲਾਂ ਦੇ 15 ਲੱਖ ਦੇ ਕਰੀਬ ਹੋਰ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਚੰਡੀਗੜ੍ਹ ਵਿਖੇ 27 ਅਤੇ 28 ਦਸੰਬਰ ਸੰਪੰਨ ਹੋਈ ਇਹ ਸਿਖਲਾਈ ਸੀਰੀਜ਼ ਦਾ ਦੂਜਾ ਸਿਖਲਾਈ ਸ਼ੈਸ਼ਨ ਸੀ। ਇਸ ਵਿਚ ਸੀਬੀਐਸਈ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ 75 ਤਜਰਬੇਕਾਰ ਅਧਿਆਪਕਾਂ ਨੇ ਹਿੱਸਾ ਲਿਆ। ਚੰਡੀਗੜ੍ਹ ਵਿੱਚ ਆਯੋਜਿਤ ਇਸ ਸਿਖਲਾਈ ਪ੍ਰੋਗਰਾਮ ਦੌਰਾਨ, ਸਿਖਲਾਈ ਸੈਸ਼ਨਾਂ ਦੀ ਅਗਵਾਈ ਇਸ ਖੇਤਰ ਦੇ ਸਭ ਤੋਂ ਤਜਰਬੇਕਾਰ ਅਤੇ ਨਿਪੁੰਨ ਵਿੱਦਿਅਕ ਮਾਹਿਰਾਂ ਦੁਆਰਾ ਕੀਤੀ ਗਈ। ਰਾਜੀਵ ਮਾਂਝੀ, (ਡਾਇਰੈਕਟਰ ਆਈਐਸਟੀਐਮ ਅਤੇ ਸਯੁੰਕਤ ਸਕੱਤਰ ਭਾਰਤ ਸਰਕਾਰ), ਰਮਨਦੀਪ ਕੌਰ, (ਡਿਪਟੀ ਸਕੱਤਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ)) ਅਤੇ ਆਈ.ਜੇ. ਮਿੱਤਲ, (ਮਾਸਟਰ ਟਰੇਨਰ, ਡੀਓਪੀਟੀ)ਸ਼ਾਮਲ ਸਨ। ਸਿਖਲਾਈ ਵਿੱਚ ਸ਼ਾਮਿਲ ਅਧਿਆਪਕਾਂ ਨੂੰ ਵਿਹਾਰਕ ਸਿਖਲਾਈ, ਵਿਹਾਰਕ ਅੰਤਰ-ਦ੍ਰਿਸ਼ਟੀ ਅਤੇ ਅਤਿ-ਆਧੁਨਿਕ ਵਿਦਿਅਕ ਰਣਨੀਤੀਆਂ ਬਾਰੇ ਸਿਖਲਾਈ ਦਿੱਤੀ ਗਈ। ਇਸ ਨਾਲ ਉਨ੍ਹਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਸਰੋਤ ਵਿਅਕਤੀਆਂ ਵਜੋਂ ਸੇਵਾਵਾਂ ਨਿਭਾਉਣ ਅਤੇ ਦੇਸ਼ ਭਰ ਵਿੱਚ ਹਜ਼ਾਰਾਂ ਸੀਬੀਐਸਈ ਵਿਦਿਆਰਥੀਆਂ ਨੂੰ ਇਸ ਦਾ ਲਾਭ ਪ੍ਰਦਾਨ ਕਰਨ ਲਈ ਮੁਹਾਰਿਤ ਮਿਲੇਗੀ। ਇਸ ਪ੍ਰੋਗਰਾਮ ਵਿਚ ਸ਼ਾਮਿਲ ਅਧਿਆਪਕਾਂ ਨੂੰ ਆਪਣੇ ਆਪ ਨੂੰ ਅੱਗੇ ਵਧਾਉਣ ਅਤੇ ਆਪਣੀ ਵਿੱਦਿਅਕ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਵੀ ਮੱਦਦ ਮਿਲੇਗੀ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਸ ਪਹਿਲਕਦਮੀ ਦਾ ਲਾਭ ਦੇਸ਼ ਭਰ ਦੇ ਅਧਿਆਪਕਾਂ ਅਤੇ ਕਲਾਸਾਂ ਤੱਕ ਪਹੁੰਚੇ। ਸਿਖਲਾਈ ਸ਼ੈਸ਼ਨ ਵਿੱਚ ਬੋਲਦਿਆਂ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀ ਡਿਪਟੀ ਸਕੱਤਰ ਸ੍ਰੀਮਤੀ ਰਮਨਦੀਪ ਕੌਰ ਨੇ ਜ਼ੋਰ ਦਿੱਤਾ ਕਿ,‘‘ਸਿੱਖਿਆ ਖੇਤਰ ਵਿੱਚ ਪਰਿਵਰਤਨਸ਼ੀਲ ਵਿਕਾਸ ਨੂੰ ਪ੍ਰਾਪਤ ਕਰਨ ਲਈ ਉੱਨਤ ਹੁਨਰ ਅਤੇ ਗਿਆਨ ਵਾਲੇ ਅਧਿਆਪਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਬੁਨਿਆਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਟੀਓਟੀ ਪ੍ਰੋਗਰਾਮ ਅਧਿਆਪਕਾਂ ਦੇ ਇੱਕ ਜੀਵੰਤ ਅਤੇ ਸੰਸਾਧਨ ਭਾਈਚਾਰੇ ਦੀ ਸਿਰਜਣਾ ਵੱਲ ਇੱਕ ਮਹੱਤਵਪੂਰਨ ਕਦਮ ਹੈ।” ਟੀਓਟੀ ਪ੍ਰੋਗਰਾਮ ਦੇ ਚੰਡੀਗੜ੍ਹ ਚੈਪਟਰ ਦਾ ਉਦੇਸ਼ ਇੱਕ ਮਜ਼ਬੂਤ ਵਿੱਦਿਅਕ ਢਾਂਚੇ ਦਾ ਨਿਰਮਾਣ ਕਰਨਾ ਅਤੇ ਨਿਰੰਤਰ ਸਿੱਖਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਪ੍ਰੋਗਰਾਮ ਪ੍ਰਭਾਵਸ਼ਾਲੀ ਤਬਦੀਲੀ ਲਈ ਮੰਚ ਤਿਆਰ ਕਰਨ ਦਾ ਵਾਅਦਾ ਕਰਦਾ ਹੈ, ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਦੇ ਸੁਨਹਿਰੇ ਭਵਿੱਖ ਦੀ ਸ਼ੁਰੂਆਤ ਕਰਦਾ ਹੈ।
Comments
Post a Comment