ਫ਼ਰਜ਼ੀ ਯੂਨੀਵਰਸਿਟੀਆਂ ਤੋਂ ਪੀਐੱਚਡੀ ਦੀ ਡਿਗਰੀ ਲੈਣ ਵਾਲੇ ਲੈਕਚਰਾਰਾਂ ਦੀ ਜਾਵੇਗੀ ਨੌਕਰੀ
ਚੰਡੀਗੜ੍ਹ 31 ਜਨਵਰੀ ( ਰਣਜੀਤ ਧਾਲੀਵਾਲ ) : ਹਰਿਆਣਾ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚ ਲੱਗੇ 292 ਐਕਸਟੈਂਸ਼ਨ ਲੈਕਚਰਾਰਾਂ ਦੀ ਨੌਕਰੀ ਖ਼ਤਰੇ ਵਿਚ ਪੈ ਗਈ ਹੈ, ਜਿਨ੍ਹਾਂ ਨੇ ਰਾਜਸਥਾਨ ਦੀਆਂ ਫ਼ਰਜ਼ੀ ਯੂਨੀਵਰਸਿਟੀਆਂ ਤੋਂ ਪੀਐੱਚਡੀ ਦੀ ਡਿਗਰੀ ਲਈ ਹੈ। ਓਪੀਜੇਐੱਸ ਯੂਨੀਵਰਸਿਟੀ ਚੁਰੂ, ਸਨਰਾਈਜ਼ ਯੂਨੀਵਰਸਿਟੀ ਅਲਵਰ ਤੇ ਸਿੰਘਾਨੀਆ ਯੂਨੀਵਰਸਿਟੀ ਝੁੰਝਨੂ ਤੋਂ ਡਿਗਰੀ ਲੈਣ ਵਾਲੇ ਇਨ੍ਹਾਂ ਐਕਸਟੈਂਸ਼ਨ ਲੈਕਚਰਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਨਾਲ ਹੀ ਸਬੰਧਤ ਯੂਨੀਵਰਸਿਟੀਜ਼ ਦੇ ਪ੍ਰਿੰਸੀਪਲਾਂ ਨੂੰ ਐਕਸਟੈਂਸ਼ਨ ਲੈਕਚਰਾਰਾਂ ਤੋਂ ਮਿਲਿਆ ਜਵਾਬ ਸ਼ੁੱਕਰਵਾਰ ਸ਼ਾਮ ਤੱਕ ਡਾਇਰੈਕਟੋਰੇਟ ਭੇਜਣ ਦੀ ਹਦਾਇਤ ਕੀਤੀ ਹੈ। ਹਾਲ ਹੀ ਵਿਚ ਯੂਜੀਸੀ ਨੇ ਰਾਜਸਥਾਨ ਦੇ ਇਨ੍ਹਾਂ ਤਿੰਨ ਨਿੱਜੀ ਯੂਨੀਵਰਸਿਟੀਜ਼ ’ਤੇ ਨਿਯਮਾਂ ਦੀ ਕਸਵੱਟੀ ’ਤੇ ਖਰਾ ਨਾ ਉਤਰਣ ਕਾਰਨ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਸੀ। ਇਹ ਯੂਨੀਵਰਸਿਟੀਜ਼ ਅਗਲੇ ਪੰਜ ਸਾਲਾਂ ਲਈ ਪੀਐੱਚਡੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰ ਸਕਣਗੀਆਂ। ਇਹ ਦੋਸ਼ ਹਨ ਕਿ ਇਨ੍ਹਾਂ ਯੂਨੀਵਰਸਿਟੀਜ਼ ਨੇ ਫ਼ਰਜ਼ੀ ਡਿਗਰੀਆਂ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਹਰਿਆਣਾ ਦੇ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਇਨ੍ਹਾਂ ਯੂਨੀਵਰਸਿਟੀਜ਼ ਤੋਂ ਪੀਐੱਚਡੀ ਕਰਨ ਵਾਲੇ 292 ਐਕਸਟੈਂਸ਼ਨ ਲੈਕਚਰਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ, ‘ਕਿਉਂ ਨਾ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਣ’। ਨਿਰਧਾਰਤ ਸਮੇਂ ਤੱਕ ਜਵਾਬ ਨਾ ਦੇਣ ’ਤੇ ਮੰਨਿਆ ਜਾਵੇਗਾ ਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ ਤੇ ਉਸੇ ਸਮੇਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ।
Comments
Post a Comment